ਜਨ ਧਨ ਯੋਜਨਾ ਨੇ ਲੋਕਾਂ ਨੂੰ ਆਪਣੀ ਕਿਸਮਤ ਖੁਦ ਲਿਖਣ ਦੀ ਤਾਕਤ ਦਿੱਤੀ: ਮੋਦੀ
ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੇ 11 ਸਾਲ ਪੂਰੇ ਹੋਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਇਸ ਯੋਜਨਾ ਨੇ ਲੋਕਾਂ ਨੂੰ ਆਪਣੀ ਕਿਸਮਤ ਖੁਦ ਲਿਖਣ ਦੀ ਤਾਕਤ ਦਿੱਤੀ ਹੈ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਜਦੋਂ ਅਖੀਰ ’ਚ ਖੜ੍ਹਾ ਵਿਅਕਤੀ ਵਿੱਤੀ ਤੌਰ ’ਤੇ ਜੁੜ ਜਾਂਦਾ ਹੈ ਤਾਂ ਸਾਰਾ ਦੇਸ਼ ਇਕੱਠਾ ਅੱਗੇ ਵਧਦਾ ਹੈ।
ਸਾਲ 2014 ’ਚ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਅੱਜ ਹੀ ਦੇ ਦਿਨ ਸ਼ੁਰੂ ਕੀਤੀ ਗਈ ਸੀ। ਇਸ ਯੋਜਨਾ ਤਹਿਤ ਹਰ ਪਰਿਵਾਰ ਲਈ ਘੱਟ ਤੋਂ ਘੱਟ ਇੱਕ ਬੁਨਿਆਦੀ ਬੈਂਕਿੰਗ ਖਾਤਾ, ਵਿੱਤੀ ਸਾਖਰਤਾ, ਕਰਜ਼ਾ, ਬੀਮਾ ਤੇ ਪੈਨਸ਼ਨ ਸਹੂਲਤ ਦੇ ਨਾਲ-ਨਾਲ ਬੈਂਕ ਸਹੂਲਤਾਂ ਤੱਕ ਪਹੁੰਚ ਮੁਹੱਈਆ ਕੀਤੀ ਗਈ ਹੈ। ਮੋਦੀ ਨੇ ਐਕਸ ’ਤੇ ਕਿਹਾ, ‘ਜਦੋਂ ਆਖਰੀ ਵਿਅਕਤੀ ਵਿੱਤੀ ਤੌਰ ’ਤੇ ਜੁੜਿਆ ਹੁੰਦਾ ਹੈ ਤਾਂ ਸਾਰਾ ਦੇਸ਼ ਇਕੱਠਾ ਅੱਗੇ ਵਧਦਾ ਹੈ। ਪ੍ਰਧਾਨ ਮੰਤਰੀ ਜਨ ਧਨ ਯੋਜਨਾ ਨਾਲ ਇਹੀ ਹਾਸਲ ਹੋਇਆ ਹੈ। ਇਸ ਨੇ ਸਨਮਾਨ ਵਧਾਇਆ ਤੇ ਲੋਕਾਂ ਨੂੰ ਆਪਣੀ ਕਿਸਮਤ ਖੁਦ ਲਿਖਣ ਦੀ ਤਾਕਤ ਦਿੱਤੀ।’ ਪ੍ਰਧਾਨ ਮੰਤਰੀ ਨੇ ਇੱਕ ਹੋਰ ਪੋਸਟ ’ਚ ‘ਮਾਈਗੋਵ’ ਵੱਲੋਂ ਕੀਤੀ ਗਈ ਪੋਸਟ ਸਾਂਝੀ ਕੀਤੀ ਜਿਸ ’ਚ ਦੱਸਿਆ ਗਿਆ ਕਿ ਕਿਸ ਤਰ੍ਹਾਂ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਨੇ ਸਾਰੇ ਭਾਰਤ ’ਚ ਜ਼ਿੰਦਗੀ ਬਦਲ ਦਿੱਤੀ। -ਪੀਟੀਆਈ