ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜੰਮੂ: ਰਿਕਾਰਡ ਮੀਂਹ ਕਾਰਨ ਮ੍ਰਿਤਕਾਂ ਦੀ ਗਿਣਤੀ ਵਧ ਕੇ 41 ਹੋਈ

ਮਾਤਾ ਵੈਸ਼ਨੋ ਦੇਵੀ ਮਾਰਗ ਤੋਂ ਮਲਬਾ ਹਟਾਉਣ ਦਾ ਕੰਮ ਜਾਰੀ
ਤਵੀ ਨਦੀ ਵਿੱਚ ਹੜ੍ਹ ਮਗਰੋਂ ਟੁੱਟਾ ਹੋਇਆ ਉਸਾਰੀ ਅਧੀਨ ਪੁਲ। -ਫੋਟੋ: ਰਾਇਟਰਜ਼
Advertisement

ਜੰਮੂ ਕਸ਼ਮੀਰ ’ਚ ਦੋ ਦਿਨਾਂ ਅੰਦਰ ਪਏ ਰਿਕਾਰਡ ਮੀਂਹ ਕਾਰਨ ਵਾਪਰੀਆਂ ਘਟਨਾਵਾਂ ’ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 41 ਹੋ ਗਈ ਹੈ, ਜਿਨ੍ਹਾਂ ’ਚ ਜ਼ਿਆਦਾ ਵਿਅਕਤੀ ਮਾਤਾ ਵੈਸ਼ਨੋ ਦੇਵੀ ਮਾਰਗ ’ਤੇ ਡਿੱਗੀਆਂ ਢਿੱਗਾਂ ਦੀ ਲਪੇਟ ’ਚ ਆਏ ਸਨ। ਅੱਜ ਮੀਂਹ ਤੋਂ ਕੁਝ ਰਾਹਤ ਮਿਲਣ ਮਗਰੋਂ ਬਚਾਅ ਕਾਰਜਾਂ ’ਚ ਤੇਜ਼ੀ ਆਈ ਹੈ। ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲ੍ਹਾ ਤੇ ਹੋਰਾਂ ਨੇ ਮਾਤਾ ਵੈਸ਼ਨੋ ਦੇਵੀ ਮਾਰਗ ’ਤੇ ਵਾਪਰੀ ਘਟਨਾ ’ਚ ਹੋਈਆਂ ਮੌਤਾਂ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਮਰ ਅਬਦੁੱਲ੍ਹਾ ਨੇ ਅੱਜ ਜੰਮੂ ’ਚ ਘਟਨਾ ਸਥਾਨ ਦਾ ਦੌਰਾ ਕਰਕੇ ਉੱਥੇ ਚੱਲ ਰਹੇ ਬਚਾਅ ਤੇ ਰਾਹਤ ਕਾਰਜਾਂ ਦੀ ਸਮੀਖਿਆ ਵੀ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਮਾਤਾ ਵੈਸ਼ਨੋ ਦੇਵੀ ’ਚ ਢਿੱਗਾਂ ਡਿੱਗਣ ਦੀ ਘਟਨਾ ਮਗਰੋਂ ਬਚਾਅ ਕਰਮੀਆਂ ਵੱਲੋਂ ਮਲਬੇ ਹੇਠੋਂ ਹੋਰ ਲਾਸ਼ਾਂ ਕੱਢੇ ਜਾਣ ਤੋਂ ਬਾਅਦ ਹਾਦਸੇ ’ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 34 ਹੋ ਗਈ ਹੈ। ਇਸ ਘਟਨਾ ’ਚ ਕਈ ਵਿਅਕਤੀ ਜ਼ਖ਼ਮੀ ਹੋਏ ਹਨ ਜਿਨ੍ਹਾਂ ਦਾ ਵੱਖ ਵੱਖ ਹਸਪਤਾਲਾਂ ’ਚ ਇਲਾਜ ਚੱਲ ਰਿਹਾ ਹੈ। ਅਧਿਕਾਰੀਆਂ ਨੇ ਮਲਬੇ ਹੇਠ ਹੋਰ ਲੋਕਾਂ ਦੇ ਦਬੇ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਹੈ। ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਆਰਜ਼ੀ ਤੌਰ ’ਤੇ ਮੁਅੱਤਲ ਕਰ ਦਿੱਤੀ ਗਈ ਹੈ। ਇਸੇ ਦੌਰਾਨ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਹਸਪਤਾਲ ’ਚ ਦਾਖਲ ਜ਼ਖ਼ਮੀਆਂ ਨਾਲ ਮੁਲਾਕਾਤ ਕੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲ ਕਰਕੇ ਉਨ੍ਹਾਂ ਨੂੰ ਹਾਲਾਤ ਬਾਰੇ ਜਾਣਕਾਰੀ ਦਿੱਤੀ। ਮੁੱਖ ਮੰਤਰੀ ਉਮਰ ਅਬਦੁੱਲ੍ਹਾ ਨੇ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਹਾਲਾਤ ਬਾਰੇ ਜਾਣਕਾਰੀ ਦਿੱਤੀ ਹੈ। ਕਸ਼ਮੀਰ ਘਾਟੀ ’ਚ ਵੀ ਰਾਤ ਭਰ ਭਾਰੀ ਮੀਂਹ ਪੈਣ ਕਾਰਨ ਜੇਹਲਮ ਦਰਿਆ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ ਜਦਕਿ ਜੰਮੂ ਖਿੱਤੇ ’ਚ ਤਵੀ, ਚਨਾਬ, ਉਝ, ਰਾਵੀ ਤੇ ਬਸੰਤਰ ਦਰਿਆ ਸਮੇਤ ਤਕਰੀਬਨ ਸਾਰੇ ਦਰਿਆਵਾਂ ’ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਕਈ ਫੁੱਟ ਉੱਪਰ ਹੈ। ਖੇਤਰ ’ਚ ਕਈ ਪੁਲਾਂ, ਘਰਾਂ ਤੇ ਕਾਰੋਬਾਰੀ ਅਦਾਰਿਆਂ ਸਮੇਤ ਜਨਤਕ ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਪੁੱਜਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜੰਮੂ ਕਸ਼ਮੀਰ ਦੇ ਹੜ੍ਹ ਦੀ ਮਾਰ ਹੇਠ ਆਏ ਇਲਾਕਿਆਂ ’ਚੋਂ 10 ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜੰਮੂ ਖਿੱਤੇ ’ਚ ਸਕੂਲ ਲੰਘੇ ਸੋਮਵਾਰ ਤੋਂ ਬੰਦ ਹਨ ਜਦਕਿ ਕਸ਼ਮੀਰ ਦੇ ਛੇ ਜ਼ਿਲ੍ਹਿਆਂ ’ਚ ਸਿੱਖਿਆ ਸੰਸਥਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਉੱਧਰ ਉੱਤਰ ਰੇਲਵੇ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਜੰਮੂ ਤੇ ਕਟੜਾ ਸਟੇਸ਼ਨਾਂ ਤੋਂ ਆਉਣ-ਜਾਣ ਵਾਲੀਆਂ 58 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ ਜਦਕਿ 64 ਰੇਲ ਗੱਡੀਆਂ ਵੱਖ ਵੱਖ ਸਟੇਸ਼ਨਾਂ ’ਤੇ ਰੋਕ ਦਿੱਤੀਆਂ ਗਈਆਂ ਹਨ।

ਇਸੇ ਦੌਰਾਨ ਮੌਸਮ ਵਿਭਾਗ ਨੇ ਦੱਸਿਆ ਕਿ ਜੰਮੂ ਕਸ਼ਮੀਰ ’ਚ ਅੱਜ ਮੀਂਹ ਦੇ ਨਵੇਂ ਰਿਕਾਰਡ ਬਣੇ ਹਨ। ਜੰਮੂ ਸਵੇਰੇ 8.30 ਵਜੇ ਤੱਕ ਪਿਛਲੇ 24 ਘੰਟਿਆਂ ਅੰਦਰ 380 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਜੋ 1910 ਮਗਰੋਂ 24 ਘੰਟਿਆਂ ਅੰਦਰ ਪਿਆ ਸਭ ਤੋਂ ਵੱਧ ਮੀਂਹ ਹੈ ਜਦਕਿ ਊਧਮਪੁਰ ’ਚ 629.4 ਮਿਲੀਮੀਟਰ ਮੀਂਹ ਪਿਆ ਹੈ।

Advertisement

ਚੰਡੀਗੜ੍ਹ-ਮਨਾਲੀ ਕੌਮੀ ਮਾਰਗ ਤਿੰਨ ਦਿਨ ਤੋਂ ਬੰਦ, ਸੈਂਕੜੇ ਵਾਹਨ ਫਸੇ

ਮੰਡੀ: ਭਾਰੀ ਮੀਂਹ ਕਾਰਨ ਚੰਡੀਗੜ੍ਹ-ਮਨਾਲੀ ਕੌਮੀ ਮਾਰਗ ਪਿਛਲੇ ਤਿੰਨ ਦਿਨ ਤੋਂ ਮੰਡੀ ਜ਼ਿਲ੍ਹੇ ਦੇ ਪੰਡੋਹ ਤੋਂ ਓਟ ਤੱਕ ਆਵਾਜਾਈ ਲਈ ਬੰਦ ਹੈ। ਇਸ ਨਾਲ ਢੋਆ-ਢੁਆਈ ਵਾਲੇ ਸੈਂਕੜੇ ਵਾਹਨ ਇਸ ਮਾਰਗ ’ਤੇ ਫਸ ਗਏ ਹਨ ਅਤੇ ਸਬਜ਼ੀਆਂ ਤੇ ਹੋਰ ਸਾਮਾਨ ਖਰਾਬ ਹੋ ਰਿਹਾ ਹੈ। ਉੱਧਰ ਮੌਸਮ ਵਿਭਾਗ ਨੇ ਸੂਬੇ ਦੇ ਤਿੰਨ ਜ਼ਿਲ੍ਹਿਆਂ ਮੰਡੀ, ਚੰਬਾ ਤੇ ਕਾਂਗੜਾ ਲਈ ਦੋ ਦਿਨ ਲਈ ਮੀਂਹ ਦਾ ‘ਰੈੱਡ ਅਲਰਟ’ ਜਾਰੀ ਕੀਤਾ ਹੈ। ਵਿਭਾਗ ਨੇ ਦੱਸਿਆ ਕਿ ਮੰਡੀ ਤੇ ਕੁੱਲੂ ’ਚ ਅੱਜ ਮੌਸਮ ਸਾਫ ਰਹਿਣ ਕਾਰਨ ਕੁਝ ਰਾਹਤ ਮਹਿਸੂਸ ਕੀਤੀ ਗਈ। ਮੌਸਮ ਵਿਭਾਗ ਦੀ ਪੇਸ਼ੀਨਗੋਈ ਦੇ ਮੱਦੇਨਜ਼ਰ ਪ੍ਰਸ਼ਾਸਨ ਅਲਰਟ ’ਤੇ ਹੈ। ਅਧਿਕਾਰੀਆਂ ਨੇ ਦੱਸਿਆ ਕਿ ਢਿੱਗਾਂ ਡਿੱਗਣ ਕਾਰਨ ਮੰਡੀ ਤੇ ਕੁੱਲੂ ਵਿਚਾਲੇ ਸੜਕੀ ਆਵਾਜਾਈ ਠੱਪ ਹੈ ਜਿਸ ਨੂੰ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। -ਏਐੱਨਆਈ

Advertisement
Show comments