ਜੰਮੂ-ਕਸ਼ਮੀਰ ਦਾ ਰਾਜ ਦਾ ਦਰਜਾ ਜਲਦੀ ਬਹਾਲ ਹੋਵੇ: ਉਮਰ ਅਬਦੁੱਲਾ
ਇਥੇ ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਦੇ ਸਰਹੱਦੀ ਗੁਰੇਜ਼ ਸੈਕਟਰ ਵਿੱਚ ਕਰਵਾਏ ਗਏ ਕੌਮੀ ਕਬਾਇਲੀ ਤਿਉਹਾਰ ਮੌਕੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸ਼ਿਰਕਤ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਦਾ ਰਾਜ ਦਾ ਦਰਜਾ ਜਲਦੀ ਬਹਾਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਾਫੀ ਸਮਾਂ ਪਹਿਲਾਂ ਸੁਪਰੀਮ ਕੋਰਟ ਨੇ ਕੇਂਦਰ ਨੂੰ ਜੰਮੂ-ਕਸ਼ਮੀਰ ਦਾ ਰਾਜ ਦਾ ਦਰਜਾ ਜਲਦੀ ਬਹਾਲ ਕਰਨ ਲਈ ਕਿਹਾ ਸੀ। ਉਨ੍ਹਾਂ ਕਿਹਾ ਕਿ ਜਦੋਂ ਅਦਾਲਤ ਨੇ ਧਾਰਾ-370 ਦੇ ਮਾਮਲੇ ਵਿੱਚ ਆਪਣਾ ਫ਼ੈਸਲਾ ਸੁਣਾਇਆ ਸੀ ਤਾਂ ਇਸ ਵਿੱਚ ਦੋ ਮਹੱਤਵਪੂਰਨ ਪਹਿਲੂ ਰੱਖੇ ਗਈ ਸਨ। ਇੱਕ ਵਿਧਾਨ ਸਭਾ ਚੋਣਾਂ ਨਾਲ ਸਬੰਧਤ ਸੀ ਕਿ ਚੋਣਾਂ ਇੱਕ ਸਮਾਂ ਸੀਮਾ ਦੇ ਅੰਦਰ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ। ਦੂਜਾ ਅਦਾਲਤ ਨੇ ਰਾਜ ਦੇ ਦਰਜੇ ਬਾਰੇ ਵੀ ਗੱਲ ਕੀਤੀ ਸੀ ਤੇ ਕਿਹਾ ਸੀ ਕਿ ਜੰਮੂ-ਕਸ਼ਮੀਰ ਦਾ ਰਾਜ ਦਾ ਦਰਜਾ ਜਲਦੀ ਬਹਾਲ ਕੀਤਾ ਜਾਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ, ‘‘ਹੁਣ ਬਹੁਤ ਸਮਾਂ ਬੀਤ ਚੁੱਕਾ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਜੰਮੂ-ਕਸ਼ਮੀਰ ਜਲਦੀ ਤੋਂ ਜਲਦੀ ਸੂਬੇ ਦਾ ਦਰਜਾ ਮਿਲੇ।’’ ਕਬਾਇਲੀ ਤਿਉਹਾਰ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ, ‘‘ਅਜਿਹੇ ਸਮਾਗਮ ਸੱਭਿਆਚਾਰਕ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਦੇ ਹਨ। ਮੈਨੂੰ ਉਮੀਦ ਹੈ ਕਿ ਇਸ ਤਿਉਹਾਰ ਤੋਂ ਬਾਅਦ ਹੋਰ ਲੋਕ ਵੀ ਗੁਰੇਜ਼ ਜਾਣਾ ਪਸੰਦ ਕਰਨਗੇ। ਲੋਕਾਂ ਨੂੰ ਮੌਕਾ ਮਿਲਿਆ, ਗੁਜਰਾਤ ਅਤੇ ਤਾਮਿਲਨਾਡੂ ਦੇ ਲੋਕ ਇੱਥੇ ਆਏ ਅਤੇ ਉਨ੍ਹਾਂ ਨੂੰ ਪਹਿਲੀ ਵਾਰ ਕਿਸੇ ਵੱਖਰੇ ਖੇਤਰ ਦੇ ਸੱਭਿਆਚਾਰ ਨੂੰ ਦੇਖਣ ਦਾ ਮੌਕਾ ਵੀ ਮਿਲਿਆ ਹੈ।’’