ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Jammu and Kashmir: ਜੰਮੂ-ਕਸ਼ਮੀਰ ਦੇ ਲੋਕਾਂ ਨਾਲ ਕੀਤੇ ਵਾਅਦੇ ਨਿਭਾਵਾਂਗੇ: ਮੋਦੀ

ਪ੍ਰਧਾਨ ਮੰਤਰੀ ਵੱਲੋਂ ਜ਼ੈੱਡ ਮੋੜ ਸੁਰੰਗ ਦਾ ਉਦਘਾਟਨ; ਖਿੱਤੇ ਨੂੰ ਖੁਸ਼ਹਾਲ ਬਣਾਉਣ ’ਤੇ ਜ਼ੋਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜ਼ੈੱਡ ਮੋੜ ਸੁਰੰਗ ਦਾ ਜਾਇਜ਼ਾ ਲੈਂਦੇ ਹੋਏ। -ਫੋਟੋ: ਪੀਟੀਆਈ
Advertisement

* ਅਤਿਵਾਦੀ ਹਮਲੇ ’ਚ ਮਾਰੇ ਗਏ ਸੁਰੰਗ ਨਿਰਮਾਣ ਮਜ਼ਦੂਰਾਂ ਨੂੰ ਦਿੱਤੀ ਸ਼ਰਧਾਂਜਲੀ

ਸ੍ਰੀਨਗਰ, 13 ਜਨਵਰੀ

Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਹ ਜੰਮੂ ਕਸ਼ਮੀਰ ਦੇ ਲੋਕਾਂ ਨਾਲ ਕੀਤੇ ਗਏ ਵਾਅਦੇ ਨਿਭਾਉਣਗੇ ਅਤੇ ਸਹੀ ਸਮੇਂ ’ਤੇ ਸਹੀ ਚੀਜ਼ਾਂ ਹੋਣਗੀਆਂ। ਮੋਦੀ ਇੱਥੇ ਰਣਨੀਤਕ ਤੌਰ ’ਤੇ ਅਹਿਮ ‘ਜ਼ੈੱਡ ਮੋੜ ਸੁਰੰਗ’ ਦੇ ਉਦਘਾਟਨ ਮਗਰੋਂ ਜਨਤਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਦੀ ਇਹ ਟਿੱਪਣੀ ਮੁੱਖ ਮੰਤਰੀ ਉਮਰ ਅਬਦੁੱਲ੍ਹਾ ਵੱਲੋਂ ਸਮਾਗਮ ’ਚ ਆਪਣੇ ਭਾਸ਼ਣ ਦੌਰਾਨ ਜੰਮੂ ਕਸ਼ਮੀਰ ਦਾ ਰਾਜ ਵਜੋਂ ਦਰਜਾ ਬਹਾਲ ਕਰਨ ਦੀ ਮੰਗ ਤੋਂ ਤੁਰੰਤ ਬਾਅਦ ਆਈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਨਮਾਨ ਕਰਦੇ ਹੋਏ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲ੍ਹਾ। -ਫੋਟੋ: ਪੀਟੀਆਈ

ਪ੍ਰਧਾਨ ਮੰਤਰੀ ਨੇ ਜੰਮੂ ਕਸ਼ਮੀਰ ਦਾ ਰਾਜ ਦਾ ਦਰਜਾ ਬਹਾਲ ਕਰਨ ਦੀ ਮੰਗ ਦਾ ਜ਼ਿਕਰ ਕੀਤੇ ਬਿਨਾਂ ਕਿਹਾ, ‘ਤੁਹਾਨੂੰ ਭਰੋਸਾ ਕਰਨਾ ਹੋਵੇਗਾ ਕਿ ਇਹ ਮੋਦੀ ਹੈ ਅਤੇ ਉਹ ਆਪਣੇ ਵਾਅਦੇ ਪੂਰੇ ਕਰਦਾ ਹੈ। ਹਰ ਚੀਜ਼ ਲਈ ਇੱਕ ਸਹੀ ਸਮਾਂ ਹੁੰਦਾ ਹੈ ਅਤੇ ਸਹੀ ਚੀਜ਼ਾਂ ਸਹੀ ਸਮੇਂ ’ਤੇ ਹੀ ਹੋਣਗੀਆਂ।’ ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਜੰਮੂ ਕਸ਼ਮੀਰ ਦੇਸ਼ ਦਾ ਤਾਜ ਹੈ ਅਤੇ ਉਹ ਚਾਹੁੰਦੇ ਹਨ ਕਿ ਇਹ ਖੂਬਸੂਰਤ ਤੇ ਖੁਸ਼ਹਾਲ ਬਣੇ। ਉਨ੍ਹਾਂ ਕਿਹਾ, ‘ਜੰਮੂ ਕਸ਼ਮੀਰ ’ਚ ਸ਼ਾਂਤੀ ਦਾ ਮਾਹੌਲ ਹੈ ਅਤੇ ਅਸੀਂ ਇਸ ਦਾ ਸੈਰ-ਸਪਾਟੇ ’ਤੇ ਅਸਰ ਦੇਖਿਆ ਹੈ। ਕਸ਼ਮੀਰ ਅੱਜ ਵਿਕਾਸ ਦੀ ਨਵੀਂ ਕਹਾਣੀ ਲਿਖ ਰਿਹਾ ਹੈ।’ ਉਨ੍ਹਾਂ ਕਿਹਾ ਕਿ ਕਸ਼ਮੀਰ ਘਾਟੀ ਜਲਦੀ ਹੀ ਰੇਲ ਗੱਡੀ ਨਾਲ ਜੁੜ ਜਾਵੇਗੀ ਅਤੇ ਇਸ ਪ੍ਰਤੀ ਲੋਕਾਂ ’ਚ ਉਤਸ਼ਾਹ ਹੈ। ਮੋਦੀ ਨੇ ਪਿਛਲੇ ਸਾਲ ਅਕਤੂਬਰ ’ਚ ਇੱਥੇ ਜ਼ੈੱਡ ਮੋੜ ਸੁਰੰਗ ਨੇੜੇ ਹੋਏ ਅਤਿਵਾਦੀ ਹਮਲੇ ’ਚ ਮਾਰੇ ਗਏ ਸੱਤ ਜਣਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ। 6.4 ਕਿਲੋਮੀਟਰ ਲੰਮੀ ਜ਼ੈੱਡ ਮੋੜ ਸੁਰੰਗ ਦੇ ਨਿਰਮਾਣ ’ਤੇ 2716.90 ਕਰੋੜ ਰੁਪਏ ਦੀ ਲਾਗਤ ਆਈ ਹੈ। ਸੁਰੰਗ ਦਾ ਉਦਘਾਟਨ ਕਰਨ ਮਗਰੋਂ ਪ੍ਰਧਾਨ ਮੰਤਰੀ ਅੰਦਰ ਗਏ ਅਤੇ ਪ੍ਰਾਜੈਕਟ ਨਾਲ ਜੁੜੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਸੁਰੰਗ ਦਾ ਨਿਰਮਾਣ ਕਰਨ ਵਾਲੇ ਮਜ਼ਦੂਰਾਂ ਨਾਲ ਵੀ ਮੁਲਾਕਾਤ ਕੀਤੀ। ਇਸ ਮੌਕੇ ਕੇਂਦਰੀ ਮੰਤਰੀ ਨਿਤਿਨ ਗਡਕਰੀ, ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਵੀ ਹਾਜ਼ਰ ਸਨ। ਪਿਛਲੇ ਸਾਲ ਸਤੰਬਰ-ਅਕਤੂਬਰ ’ਚ ਹੋਈਆਂ ਵਿਧਾਨ ਸਭਾ ਚੋਣਾਂ ਮਗਰੋਂ ਮੋਦੀ ਦੀ ਇਹ ਪਹਿਲੀ ਜੰਮੂ ਕਸ਼ਮੀਰ ਯਾਤਰਾ ਹੈ। -ਪੀਟੀਆਈ

ਉਮਰ ਵੱਲੋਂ ਜੰਮੂ ਕਸ਼ਮੀਰ ਦਾ ਰਾਜ ਵਜੋਂ ਦਰਜਾ ਬਹਾਲ ਕਰਨ ਦੀ ਮੰਗ

ਸਮਾਗਮ ਨੂੰ ਸੰਬੋਧਨ ਕਰਦਿਆਂ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲ੍ਹਾ ਨੇ ਜੰਮੂ ਕਸ਼ਮੀਰ ਦਾ ਰਾਜ ਵਜੋਂ ਦਰਜਾ ਬਹਾਲ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਪ੍ਰਧਾਨ ਮੰਤਰੀ ਪਿਛਲੇ ਸਾਲ ਸਤੰਬਰ ’ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤਾ ਆਪਣਾ ਇਹ ਵਾਅਦਾ ਜ਼ਰੂਰ ਨਿਭਾਉਣਗੇ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕਰਦਿਆਂ ਕਿਹਾ ਕਿ 15 ਦਿਨ ਅੰਦਰ ਜੰਮੂ ਕਸ਼ਮੀਰ ਲਈ ਦੋ ਵੱਡੇ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਜਾਣਾ ਮਾਣ ਵਾਲੀ ਗੱਲ ਹੈ। ਪਿਛਲੇ ਹਫ਼ਤੇ ਮੋਦੀ ਨੇ ਜੰਮੂ ਰੇਲਵੇ ਡਿਵੀਜ਼ਨ ਦਾ ਆਨਲਾਈਨ ਉਦਘਾਟਨ ਕੀਤਾ ਸੀ। ਉਨ੍ਹਾਂ ਕਿਹਾ ਕਿ ਖਿੱਤੇ ’ਚ ਹਿੰਸਾ ਫੈਲਾਉਣ ਵਾਲਿਆਂ ਨੂੰ ਹਮੇਸ਼ਾ ਹਾਰ ਦਾ ਸਾਹਮਣਾ ਕਰਨਾ ਪਵੇਗਾ ਅਤੇ ਅਜਿਹੇ ਲੋਕਾਂ ਨੂੰ ਲੋਕਤੰਤਰ ਨੂੰ ਨੁਕਸਾਨ ਪਹੁੰਚਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਪਿਛਲੇ ਸਾਲ ਸੁਰੰਗ ਦਾ ਨਿਰਮਾਣ ਕਰ ਰਹੇ ਮਜ਼ਦੂਰਾਂ ’ਤੇ ਹੋਏ ਅਤਿਵਾਦੀ ਹਮਲੇ ’ਚ ਜਾਨ ਗੁਆਉਣ ਵਾਲੇ ਇੱਕ ਸਥਾਨਕ ਡਾਕਟਰ ਸਮੇਤ ਸੱਤ ਜਣਿਆਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ।

Advertisement
Tags :
Jammu and KashmirOmar AbdullahPM Narendra ModiPunjabi khabarPunjabi News