ਜੰਮੂ-ਕਸ਼ਮੀਰ: ਬੱਦਲ ਫਟਣ ਅਤੇ ਢਿੱਗਾਂ ਡਿੱਗਣ ਕਾਰਨ 11 ਮੌਤਾਂ
ਰਾਮਬਨ ਦੇ ਡਿਪਟੀ ਕਮਿਸ਼ਨਰ ਮੁਹੰਮਦ ਅਲੀਅਸ ਖਾਨ ਨੇ ਪੀਟੀਆਈ ਨੂੰ ਦੱਸਿਆ, "ਸਥਾਨਕ ਵਲੰਟੀਅਰਾਂ, ਪੁਲੀਸ ਅਤੇ ਐੱਸਡੀਆਰਐੱਫ ਦੀਆਂ ਬਚਾਅ ਟੀਮਾਂ ਵੱਲੋਂ ਭਾਰੀ ਖੋਜ ਤੋਂ ਬਾਅਦ ਚਾਰ ਲੋਕਾਂ ਦੀਆਂ ਲਾਸ਼ਾਂ ਮਲਬੇ ਹੇਠੋਂ ਬਰਾਮਦ ਕੀਤੀਆਂ ਗਈਆਂ।" ਇੱਕ ਹੋਰ ਲਾਪਤਾ ਵਿਅਕਤੀ ਦੀ ਲਾਸ਼ ਦੀ ਭਾਲ ਜਾਰੀ ਹੈ।
ਅਧਿਕਾਰੀਆਂ ਨੇ ਮ੍ਰਿਤਕਾਂ ਦੀ ਪਛਾਣ ਅਸ਼ਵਨੀ ਸ਼ਰਮਾ (24), ਉਸ ਦੇ ਭਰਾ ਦਵਾਰਕਾ ਨਾਥ (55), ਭਤੀਜੀ ਵਿਰਤਾ ਦੇਵੀ (26) ਅਤੇ ਉਨ੍ਹਾਂ ਦੇ ਮਹਿਮਾਨ ਓਮ ਰਾਜ (38), ਜੋ ਰਾਜਗੜ੍ਹ ਦੇ ਬਾਂਸਰਾ ਦਾ ਰਹਿਣ ਵਾਲਾ ਸੀ, ਵਜੋਂ ਕੀਤੀ ਹੈ। ਬਚਾਅ ਕਰਮੀ ਸ਼ਰਮਾ ਦੀ ਭਰਜਾਈ ਬਿਦਿਆ ਦੇਵੀ (55) ਦੀ ਭਾਲ ਕਰ ਰਹੇ ਹਨ।
ਇੱਕ ਸਥਾਨਕ ਵਿਅਕਤੀ ਅਜੈ ਕੁਮਾਰ ਨੇ ਕਿਹਾ, "ਬੱਦਲ ਪਿੰਡ ਦੇ ਪਹਾੜੀ ਇਲਾਕੇ ਵਿੱਚ ਪ੍ਰਾਇਮਰੀ ਸਕੂਲ ਦੇ ਨੇੜੇ ਫਟਿਆ ਅਤੇ ਡਰੂਬਲਾ-ਗੁਡਗ੍ਰਾਮ ਪਿੰਡ ਵਿੱਚੋਂ ਇੱਕ ਤੇਜ਼ ਵਹਿੰਦੀ ਨਦੀ ਬਣਾਈ, ਜਿਸ ਨਾਲ ਸਕੂਲ ਦੀ ਇਮਾਰਤ ਤੋਂ ਇਲਾਵਾ ਦੋ ਰਿਹਾਇਸ਼ੀ ਘਰ ਅਤੇ ਇੱਕ ਗਊਸ਼ਾਲਾ ਵੀ ਰੁੜ੍ਹ ਗਏ।" ਕੇਂਦਰੀ ਮੰਤਰੀ ਜਿਤੇਂਦਰ ਸਿੰਘ, ਜੰਮੂ ਅਤੇ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਅਤੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਹੈ।
ਰਿਆਸੀ ਵਿੱਚ ਢਿੱਗਾਂ ਡਿੱਗਣ ਕਾਰਨ ਇੱਕੋ ਪਰਿਵਾਰ ਦੇ ਸੱਤ ਜੀਆਂ ਦੀ ਮੌਤ
ਮ੍ਰਿਤਕਾਂ ਦੀ ਪਛਾਣ ਨਜ਼ੀਰ ਅਹਿਮਦ (38), ਉਸਦੀ ਪਤਨੀ ਵਜ਼ੀਰਾ ਬੇਗਮ (35) ਅਤੇ ਉਨ੍ਹਾਂ ਦੇ ਪੁੱਤਰਾਂ ਬਿਲਾਲ ਅਹਿਮਦ (13), ਮੁਹੰਮਦ ਮੁਸਤਫਾ (11), ਮੁਹੰਮਦ ਆਦਿਲ (8), ਮੁਹੰਮਦ ਮੁਬਾਰਕ (6) ਅਤੇ ਮੁਹੰਮਦ ਵਸੀਮ (5) ਵਜੋਂ ਹੋਈ ਹੈ।