ਜੰਮੂ ਕਸ਼ਮੀਰ: ਅਤਿਵਾਦੀ LOC ਲਾਂਚ ਪੈਡ’ਜ਼ ’ਤੇ ਘੁਸਪੈਠ ਕਰਨ ਦੀ ਤਾਕ ’ਚ: ਬੀਐੱਸਐੱਡ ਆਈਜੀ
ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਇੰਸਪੈਕਟਰ ਜਨਰਲ (IG) BSF ਕਸ਼ਮੀਰ ਫਰੰਟੀਅਰ ਅਸ਼ੋਕ ਯਾਦਵ ਨੇ ਕਿਹਾ ਕਿ ਸਰਦੀਆਂ ਦੀ ਸ਼ੁਰੂਆਤ ਤੋਂ ਪਹਿਲਾਂ ਘਾਟੀ ਵਿੱਚ ਅਤਿਵਾਦੀਆਂ ਦੀ ਘੁਸਪੈਠ ਦੀਆਂ ਕੋਸ਼ਿਸ਼ਾਂ ਹਮੇਸ਼ਾ ਵੱਧ ਜਾਂਦੀਆਂ ਹਨ।
ਯਾਦਵ ਨੇ ਕਿਹਾ, "ਬਰਫਬਾਰੀ ਤੋਂ ਪਹਿਲਾਂ ਘੁਸਪੈਠ ਦੀਆਂ ਕੋਸ਼ਿਸ਼ਾਂ ਹਮੇਸ਼ਾ ਹੁੰਦੀਆਂ ਹਨ। ਅਜੇ ਵੀ ਲਗਪਗ ਦੋ ਮਹੀਨੇ ਬਾਕੀ ਹਨ ਅਤੇ ਨਵੰਬਰ ਤੱਕ ਘੁਸਪੈਠ ਦੀਆਂ ਸੰਭਾਵਨਾਵਾਂ ਹਨ ਕਿਉਂਕਿ ਉਹ ਜਾਣਦੇ ਹਨ ਕਿ ਅਗਲੇ ਛੇ ਮਹੀਨਿਆਂ ਲਈ ਉਨ੍ਹਾਂ ਨੂੰ ਘੱਟ ਮੌਕੇ ਮਿਲਣਗੇ। ਇਸ ਲਈ ਉਹ(ਅਤਿਵਾਦੀ) ਹਮੇਸ਼ਾ ਘੁਸਪੈਠ ਕਰਨ ਦੀ ਕੋਸ਼ਿਸ਼ ਕਰਦੇ ਹਨ, ਪਰ ਸੁਰੱਖਿਆ ਬਲਾਂ ਦੀ ਚੌਕਸੀ ਕਾਰਨ ਘੁਸਪੈਠ ਕਰਨਾ ਬਹੁਤ ਮੁਸ਼ਕਲ ਹੈ।’’
ਉਨ੍ਹਾਂ ਕਿਹਾ ਕਿ ਅਤਿਵਾਦੀ ਘਾਟੀ ਵਿੱਚ ਦਾਖਲ ਹੋਣ ਦੇ ਮੌਕੇ ਦੀ ਉਡੀਕ ਵਿੱਚ LoC ਪਾਰ ਲਾਂਚ ਪੈਡਾਂ ’ਤੇ ਉਡੀਕ ਕਰ ਰਹੇ ਹਨ।
ਉਨ੍ਹਾਂ ਅੱਗੇ ਕਿਹਾ, "ਬਾਂਦੀਪੋਰਾ ਅਤੇ ਕੁਪਵਾੜਾ ਸੈਕਟਰਾਂ ਵਿੱਚ ਸਾਡੇ AOR (ਜ਼ਿੰਮੇਵਾਰੀ ਦੇ ਖੇਤਰ) ਦੇ ਸਾਹਮਣੇ LoC ਦੇ ਪਾਰ ਲਾਂਚ ਪੈਡ’ਜ਼ 'ਤੇ ਅਤਿਵਾਦੀਆਂ ਦੀ ਮੌਜੂਦਗੀ ਹੈ। ਉਹ ਘੁਸਪੈਠ ਦੇ ਮੌਕੇ ਦੀ ਉਡੀਕ ਕਰ ਰਹੇ ਹਨ, ਪਰ ਸੁਰੱਖਿਆ ਬਹੁਤ ਸਖ਼ਤ ਹੈ। ਕਈ ਵਾਰ ਉਹ ਅੱਗੇ ਵਧਣ ਲਈ ਖਰਾਬ ਮੌਸਮ ਦੀ ਉਡੀਕ ਕਰਦੇ ਹਨ। ਇਸ ਲਈ ਕੋਸ਼ਿਸ਼ਾਂ ਹਮੇਸ਼ਾ ਰਹਿੰਦੀਆਂ ਹਨ, ਪਰ ਅਸੀਂ ਕਿਸੇ ਵੀ ਸਥਿਤੀ ਲਈ ਤਿਆਰ ਅਤੇ ਚੌਕਸ ਹਾਂ।"
ਯਾਦਵ ਨੇ ਕਿਹਾ ਕਿ ਫੌਜ ਅਤੇ ਬੀ ਐੱਸ ਐੱਫ ਹਾਈ-ਟੈੱਕ ਨਿਗਰਾਨੀ ਉਪਕਰਣਾਂ ਦੀ ਮਦਦ ਨਾਲ LoC 'ਤੇ ਚੰਗੀ ਤਰ੍ਹਾਂ ਹਾਵੀ ਹਨ ਅਤੇ ਚੌਕਸੀ ਵਰਤ ਰਹੇ ਹਨ।