ਜੰਮੂ-ਕਸ਼ਮੀਰ: ਪਾਕਿ ਗੋਲੀਬਾਰੀ ਕਾਰਨ ਅਨਾਥ ਹੋਏ 22 ਬੱਚਿਆਂ ਦਾ ਖਰਚਾ ਚੁੱਕਣਗੇ ਰਾਹੁਲ
ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਅਪਰੇਸ਼ਨ ਸਿੰਧੂਰ ਦੌਰਾਨ ਕੰਟਰੋਲ ਰੇਖਾ (ਐੱਲਓਸੀ) ’ਤੇ ਪਾਕਿਸਤਾਨੀ ਗੋਲੀਬਾਰੀ ਦੌਰਾਨ ਆਪਣੇ ਮਾਪੇ ਜਾਂ ਦੋਵਾਂ ’ਚੋਂ ਇੱਕ ਗੁਆਉਣ ਵਾਲੇ 22 ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੁੱਕਣਗੇ। ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤਾਰਿਕ ਹਮੀਦ ਕਾਰਾ ਨੇ ਵਿਧਾਨ ਸਭਾ ਚੋਣਾਂ ਵਿੱਚ ਗੱਠਜੋੜ ਭਾਈਵਾਲ ਨੈਸ਼ਨਲ ਕਾਨਫਰੰਸ (ਐੱਨਸੀ) ਨਾਲ ਕਿਸੇ ਵੀ ਤਰ੍ਹਾਂ ਦੇ ਮਤਭੇਦਾਂ ਨੂੰ ਰੱਦ ਕਰ ਦਿੱਤਾ, ਪਰ ਨਾਲ ਹੀ ਕਿਹਾ ਕਿ ਉਨ੍ਹਾਂ ਦੀ ਪਾਰਟੀ ਪਿਛਲੇ ਨੌਂ ਮਹੀਨਿਆਂ ਤੋਂ ਸੱਤਾਧਾਰੀ ਪਾਰਟੀ ਨਾਲ ਤਾਲਮੇਲ ਕਮੇਟੀ ਦੇ ਗਠਨ ਦੀ ਉਡੀਕ ਕਰ ਰਹੀ ਹੈ। ਰਾਜੌਰੀ ਦੇ ਤਿੰਨ ਰੋਜ਼ਾ ਦੌਰੇ ’ਤੇ ਗਏ ਤਾਰਿਕ ਹਮੀਦ ਨੇ ਬੀਤੀ ਰਾਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘7 ਤੋਂ 10 ਮਈ ਦੇ ਵਿਚਕਾਰ ਪੁਣਛ ਅਤੇ ਰਾਜੌਰੀ ਵਿੱਚ ਪਾਕਿਸਤਾਨ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਵੱਡੀ ਗਿਣਤੀ ਨਾਗਰਿਕ ਮਾਰੇ ਗਏ। ਇਨ੍ਹਾਂ ’ਚੋਂ ਕੁੱਝ ਬੱਚੇ ਅਜਿਹੇ ਵੀ ਹਨ, ਜਿਨ੍ਹਾਂ ਨੇ ਆਪਣੇ ਮਾਪੇ ਜਾਂ ਇਨ੍ਹਾਂ ’ਚੋਂ ਇੱਕ ਗੁਆ ਦਿੱਤਾ। ਰਾਹੁਲ ਗਾਂਧੀ ਅਜਿਹੇ 22 ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੁੱਕਣਗੇ। ਇਹ ਗਿਣਤੀ ਵਧਾਈ ਵੀ ਜਾ ਸਕਦੀ ਹੈ।’