ਜੰਮੂ ਕਸ਼ਮੀਰ ਸਰਕਾਰ ਨੇ ਜਮਾਤ-ਏ-ਇਸਲਾਮੀ ਦੇ ਸਕੂਲ ਕੰਟਰੋਲ ਹੇਠ ਲਏ
ਜੰਮੂ ਕਸ਼ਮੀਰ ਦੇ ਸਰਕਾਰੀ ਅਧਿਕਾਰੀਆਂ ਨੇ ਅੱਜ ਪੁਲੀਸ ਦੀਆਂ ਟੀਮਾਂ ਨਾਲ ਪਾਬੰਦੀਸ਼ੁਦਾ ਜਮਾਤ-ਏ-ਇਸਲਾਮੀ (ਜੇਈਆਈ) ਨਾਲ ਸਬੰਧਤ 215 ਸਕੂਲਾਂ ਦਾ ਦੌਰਾ ਕੀਤਾ। ਸਰਕਾਰ ਨੇ ਕਸ਼ਮੀਰ ਦੇ 10 ਜ਼ਿਲ੍ਹਿਆਂ ’ਚ ਸਥਿਤ ਇਨ੍ਹਾਂ ਸਕੂਲਾਂ ਦਾ ਪ੍ਰਬੰਧਨ ਆਪਣੇ ਕੰਟਰੋਲ ਹੇਠ ਲਏ ਜਾਣ ਤੋਂ ਬਾਅਦ ਇਹ ਕਦਮ ਚੁੱਕਿਆ ਹੈ। ਹਾਲਾਂਕਿ ਜੰਮੂ ਕਸ਼ਮੀਰ ਦੀਆਂ ਸਿਆਸੀ ਪਾਰਟੀਆਂ ਪੀਡੀਪੀ, ਪੀਪਲਜ਼ ਕਾਨਫਰੰਸ ਤੇ ਅਪਣੀ ਪਾਰਟੀ ਨੇ ਸਰਕਾਰ ਦੇ ਇਸ ਫ਼ੈਸਲੇ ਦੀ ਆਲੋਚਨਾ ਕਰਦਿਆਂ ਇਸ ਨੂੰ ‘ਪ੍ਰਸ਼ਾਸਨਿਕ ਨਾਜਾਇਜ਼ ਕਬਜ਼ਾ’ ਕਰਾਰ ਦਿੱਤਾ। ਅਧਿਕਾਰੀਆਂ ਅਨੁਸਾਰ ਪੂਰੀ ਪ੍ਰਕਿਰਿਆ ਵਿਦਿਆਰਥੀਆਂ ਦੀ ਪੜ੍ਹਾਈ ’ਚ ਅੜਿੱਕਾ ਪਾਏ ਬਿਨਾਂ ‘ਸ਼ਾਂਤੀਪੂਰਨ ਤੇ ਸੁਚਾਰੂ ਢੰਗ’ ਨਾਲ ਨੇਪਰੇ ਚੜ੍ਹੀ। ਸਕੂਲ ਸਿੱਖਿਆ ਵਿਭਾਗ ਨੇ ਜੇਈਆਈ ਤੇ ਉਸ ਦੇ ਫਲਾਹ-ਏ-ਆਮ ਟਰੱਸਟ ਨਾਲ ਜੁੜੇ 215 ਸਕੂਲਾਂ ਆਪਣੇ ਕੰਟਰੋਲ ਹੇਠ ਲੈਣ ਦਾ ਬੀਤੇ ਦਿਨ ਹੁਕਮ ਦਿੱਤਾ ਸੀ। ਇਨ੍ਹਾਂ ਸਕੂਲਾਂ ਨਾਲ 51 ਹਜ਼ਾਰ ਤੋਂ ਵੱਧ ਵਿਦਿਆਰਥੀ ਜੁੜੇ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸਵੇਰੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ, ਸਬੰਧਤ ਹਾਈ ਤੇ ਹਾਈ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲ ਪੁਲੀਸ ਦੀ ਟੀਮ ਨਾਲ ਇਨ੍ਹਾਂ ਸਕੂਲਾਂ ’ਚ ਪੁੱਜੇ। ਪ੍ਰਸ਼ਾਸਨਿਕ ਟੀਮ ਨੇ ਸਕੂਲਾਂ ਦਾ ਕੰਮਕਾਜ ਸੰਭਾਲਿਆ, ਉਨ੍ਹਾਂ ਦੇ ਦਸਤਾਵੇਜ਼ ਤੇ ਬੁਨਿਆਦੀ ਢਾਂਚੇ ਦੀ ਜਾਂਚ ਕੀਤੀ।