ਜੰਮੂ ਕਸ਼ਮੀਰ: ਊਧਮਪੁਰ ਵਿਚ ਸੀਆਰਪੀਐੱਫ ਦਾ ਵਾਹਨ ਖੱਡ ’ਚ ਡਿੱਗਿਆ, ਤਿੰਨ ਜਵਾਨਾਂ ਦੀ ਮੌਤ, 15 ਜ਼ਖ਼ਮੀ
ਜੰਮੂ ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਵਿਚ ਬਸੰਤਗੜ੍ਹ ਇਲਾਕੇ ਵਿਚ ਕਾਡਵਾ ਨੇੜੇ ਸੀਆਰਪੀਐੱਫ ਜਵਾਨਾਂ ਵਾਲੇ ਵਾਹਨ ਦੇ ਖੱਡ ਵਿਚ ਡਿੱਗਣ ਨਾਲ ਤਿੰਨ ਜਵਾਨਾਂ ਦੀ ਮੌਤ ਹੋ ਗਈ ਤੇ 15ਹੋਰ ਜ਼ਖ਼ਮੀ ਦੱਸੇ ਜਾਂਦੇ ਹਨ। ਵਧੀਕ ਐੇੱਸਪੀ ਸੰਦੀਪ ਭੱਟ ਨੇ ਦੱਸਿਆ ਕਿ ਹਾਦਸੇ ਬਾਰੇ ਜਾਣਕਾਰੀ ਮਿਲਦੇ ਹੀ ਮੌਕੇ ’ਤੇ ਪੁੱਜੀ ਪੁਲੀਸ ਟੀਮ ਨੇ ਰਾਹਤ ਤੇ ਬਚਾਅ ਕਾਰਜ ਵਿੱਢ ਦਿੱਤੇ ਹਨ। ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ ਹੈ। ਸੂਤਰਾਂ ਮੁਤਾਬਕ ਵਾਹਨ ਸੜਕ ਤੋਂ ਬੇਕਾਬੂ ਹੋ ਕੇ ਡੂੰਘੀ ਖੱਡ ਵਿਚ ਜਾ ਡਿੱਗਾ।
ਹਾਦਸਾ ਸਵੇਰੇ ਸਾਢੇ ਦਸ ਵਜੇ ਦੇ ਕਰੀਬ ਕਾਡਵਾ ਇਲਾਕੇ ਵਿਚ ਉਦੋਂ ਹੋਇਆ ਜਦੋਂ ਸੀਆਰਪੀਐਫ ਜਵਾਨ ਬਸੰਤਗੜ੍ਹ ਵਿਚ ਇਕ ਅਪਰੇਸ਼ਨ ਮਗਰੋਂ ਬੰਕਰ ਵਾਹਨ ਵਿਚ ਵਾਪਸ ਆ ਰਹੇ ਸਨ। ਨੀਮ ਫੌਜੀ ਬਲਾਂ ਦੀ 187ਵੀਂ ਬਟਾਲੀਅਨ ਦੇ ਇਸ ਵਾਹਨ ਵਿਚ 23 ਜਵਾਨ ਸਵਾਰ ਸਨ। ਇਨ੍ਹਾਂ ਵਿਚੋਂ ਦੋ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ 16 ਹੋਰ ਜ਼ਖ਼ਮੀ ਸਨ। ਇਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਕ ਹੋਰ ਜਵਾਨ ਨੇ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਦਮ ਤੋੜ ਦਿੱਤਾ। ਕੇਂਦਰੀ ਮੰਤਰੀ ਜਿਤੇਂਦਰ ਸਿੰਘ ਤੇ ਉਪ ਰਾਜਪਾਲ ਮਨੋਜ ਸਿਨਹਾ ਨੇ ਐਕਸ ’ਤੇ ਇਕ ਪੋਸਟ ਵਿਚ ਹਾਦਸੇ ’ਚ ਗਈਆਂ ਜਾਨਾਂ ’ਤੇ ਦੁੱਖ ਜਤਾਇਆ ਹੈ।
ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਡਿਪਟੀ ਕਮਿਸ਼ਨਰ ਸਲੋਨੀ ਰਾਏ ਨਾਲ ਗੱਲ ਕੀਤੀ, ਜੋ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ। ਉਨ੍ਹਾਂ X ’ਤੇ ਇਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ, ‘‘ਊਧਮਪੁਰ: ਕਾਡਵਾ-ਬਸੰਤਗੜ੍ਹ ਖੇਤਰ ਵਿੱਚ ਸੀਆਰਪੀਐਫ ਵਾਹਨ ਨਾਲ ਹੋਏ ਸੜਕ ਹਾਦਸੇ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ। ਵਾਹਨ ਵਿੱਚ ਸੀਆਰਪੀਐਫ ਦੇ ਕਈ ਬਹਾਦਰ ਜਵਾਨ ਸਵਾਰ ਸਨ। ਮੈਂ ਹੁਣੇ ਡੀਸੀ ਸ਼੍ਰੀਮਤੀ ਸਲੋਨੀ ਰਾਏ ਨਾਲ ਗੱਲ ਕੀਤੀ ਹੈ, ਜੋ ਖ਼ੁਦ ਹਾਲਾਤ ਦੀ ਨਿਗਰਾਨੀ ਕਰ ਰਹੇ ਹਨ।’’ ਮੰਤਰੀ ਨੇ ਕਿਹਾ ਕਿ ਸਥਾਨਕ ਲੋਕ ਸਵੈ-ਇੱਛਾ ਨਾਲ ਬਚਾਅ ਕਾਰਜਾਂ ਵਿੱਚ ਸਹਾਇਤਾ ਲਈ ਅੱਗੇ ਆਏ ਹਨ। ਉਨ੍ਹਾਂ ਕਿਹਾ, ‘‘ਬਚਾਅ ਕਾਰਜ ਤੁਰੰਤ ਸ਼ੁਰੂ ਕਰ ਦਿੱਤੇ ਗਏ ਹਨ। ਸਥਾਨਕ ਲੋਕ ਸਵੈ-ਇੱਛਾ ਨਾਲ ਸਹਾਇਤਾ ਲਈ ਅੱਗੇ ਆਏ ਹਨ। ਹਰ ਸੰਭਵ ਮਦਦ ਯਕੀਨੀ ਬਣਾਈ ਜਾ ਰਹੀ ਹੈ।’’