ਜੰਮੂ-ਕਸ਼ਮੀਰ: ਆਪ ਵਿਧਾਇਕ ਦੀ ਗ੍ਰਿਫ਼ਤਾਰੀ ਤੋਂ ਬਾਅਦ ਭਾਲੇਸਾ ’ਚ ਪਾਬੰਦੀਆਂ ਜਾਰੀ
'ਆਪ' ਵਿਧਾਇਕ ਮਹਿਰਾਜ ਮਲਿਕ ਦੀ ਪਬਲਿਕ ਸੇਫਟੀ ਐਕਟ ਤਹਿਤ ਗ੍ਰਿਫ਼ਤਾਰੀ ਤੋਂ ਬਾਅਦ ਜੰਮੂ ਅਤੇ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਭਾਲੇਸਾ ਵਿੱਚ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (BNSS) ਦੀ ਧਾਰਾ 163 ਤਹਿਤ ਲਗਾਈ ਗਈ ਮਨਾਹੀ ਦਾ ਹੁਕਮ ਸ਼ੁੱਕਰਵਾਰ ਨੂੰ ਵੀ ਜਾਰੀ ਹੈ।
ਇਹ ਮਨਾਹੀ ਦਾ ਹੁਕਮ 'ਆਪ' ਵਿਧਾਇਕ ਦੀ ਗ੍ਰਿਫ਼ਤਾਰੀ ਖ਼ਿਲਾਫ਼ ਹੋਏ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਲਗਾਇਆ ਗਿਆ ਸੀ। ਹਾਲਾਂਕਿ ਵੀਰਵਾਰ ਨੂੰ ਪ੍ਰਸ਼ਾਸਨ ਨੇ ਲੋਕਾਂ ਨੂੰ ਬਾਜ਼ਾਰ ਤੋਂ ਜ਼ਰੂਰੀ ਵਸਤਾਂ ਖਰੀਦਣ ਲਈ ਦੋ ਘੰਟੇ ਦੀ ਢਿੱਲ ਦਿੱਤੀ ਸੀ।
ਸਥਾਨਕ ਸਮਾਜ ਸੇਵੀ ਰਿਸ਼ੀ ਕੁਮਾਰ ਕੌਸ਼ਲ ਨੇ ਏਐੱਨਆਈ ਨੂੰ ਦੱਸਿਆ, ‘‘ਮੈਂ ਇੱਥੋਂ ਦਾ ਸਥਾਨਕ ਸਮਾਜ ਸੇਵਕ ਹਾਂ। ਅਸੀਂ ਐੱਸਡੀਐੱਮ ਕੋਲ ਪਹੁੰਚ ਕੀਤੀ ਕਿਉਂਕਿ ਸਾਡੀਆਂ ਸੜਕਾਂ ਖਰਾਬ ਹੋ ਗਈਆਂ ਹਨ ਅਤੇ ਸਾਨੂੰ ਆਟਾ ਅਤੇ ਚੌਲ ਖਰੀਦਣ ਵਿੱਚ ਮੁਸ਼ਕਲ ਪੇਸ਼ ਆ ਰਹੀ ਸੀ। ਪ੍ਰਸ਼ਾਸਨ ਨੇ ਸਾਡੀ ਬੇਨਤੀ ਸੁਣੀ ਅਤੇ ਬਾਜ਼ਾਰ ਖੋਲ੍ਹ ਦਿੱਤਾ।’’
ਉਸ ਨੇ ਅੱਗੇ ਕਿਹਾ ਕਿ ਸਥਾਨਕ ਲੋਕ ਹੋਰ ਬਾਜ਼ਾਰ ਖੋਲ੍ਹਣ ਅਤੇ ਇੰਟਰਨੈਟ ਤੇ ਦੂਰਸੰਚਾਰ ਸੇਵਾਵਾਂ ਨੂੰ ਮੁੜ ਸ਼ੁਰੂ ਕਰਨ ਦੀ ਵੀ ਮੰਗ ਕਰ ਰਹੇ ਹਨ।
ਇਸ ਤੋਂ ਪਹਿਲਾਂ ਡੋਡਾ-ਕਿਸ਼ਤਵਾੜ-ਰਾਮਬਨ ਰੇਂਜ ਦੇ ਡੀਆਈਜੀ ਸ਼੍ਰੀਧਰ ਪਾਟਿਲ ਨੇ ਕਿਹਾ ਕਿ ਪ੍ਰਸ਼ਾਸਨ ਖੇਤਰ ਵਿੱਚ ਆਮ ਸਥਿਤੀ ਬਹਾਲ ਕਰਨ ਲਈ ਕੰਮ ਕਰ ਰਿਹਾ ਹੈ ਅਤੇ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਜਨਤਾ ਨਾਲ ਵੀ ਗੱਲਬਾਤ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਡੋਡਾ ਦੇ ਕੁਝ ਇਲਾਕਿਆਂ ਵਿੱਚ ਪੱਥਰਬਾਜ਼ੀ ਦੀਆਂ ਘਟਨਾਵਾਂ ਹੋਈਆਂ ਸਨ। ਉਨ੍ਹਾਂ ਇਹ ਵੀ ਕਿਹਾ ਕਿ ਸਵੇਰੇ ਧਮਾਕੇ ਦੀ ਵੀ ਖ਼ਬਰ ਮਿਲੀ ਸੀ।
ਜ਼ਿਕਰਯੋਗ ਹੈ ਕਿ 'ਆਪ' ਵਿਧਾਇਕ ਮਹਿਰਾਜ ਮਲਿਕ ਨੂੰ ਜੰਮੂ ਅਤੇ ਕਸ਼ਮੀਰ ਪਬਲਿਕ ਸੇਫਟੀ ਐਕਟ, 1978 ਤਹਿਤ ਜਨਤਕ ਵਿਵਸਥਾ ਬਣਾਈ ਰੱਖਣ ਵਿੱਚ ਪੱਖਪਾਤ ਵਾਲੀਆਂ ਗਤੀਵਿਧੀਆਂ ਲਈ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਡੋਡਾ ਵਿੱਚ ਤਣਾਅ ਬਣਿਆ ਹੋਇਆ ਹੈ।-ਏਐਨਆਈ