ਜੰਮੂ ਕਸ਼ਮੀਰ: ਪੁਣਛ ’ਚ ਜ਼ਮੀਨ ਧਸਣ ਕਾਰਨ 50 ਇਮਾਰਤਾਂ ਨੂੰ ਨੁਕਸਾਨ
ਅਧਿਕਾਰੀਆਂ ਨੇ ਦੱਸਿਆ ਕਿ ਮੇਂਧੜ ਦੇ ਕਾਲਾਬਨ ਪਿੰਡ ਵਿੱਚ ਪਿਛਲੇ ਇਕ ਮਹੀਨੇ ਤੋਂ ਰੁਕ-ਰੁਕ ਕੇ ਜ਼ਮੀਨ ਧਸਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜਿਸ ਦਾ ਮੁੱਖ ਕਾਰਨ ਲਗਾਤਾਰ ਹੋ ਰਹੀ ਬਾਰਿਸ਼ ਹੈ। ਮੰਤਰੀ ਨੇ ਕਿਹਾ, ‘‘ਇਹ ਮੇਰਾ ਜੱਦੀ ਪਿੰਡ ਹੈ ਜਿਸ ਵਿੱਚ ਪਿਛਲੇ ਕੁਝ ਦਿਨਾਂ ਤੋਂ ਜ਼ਮੀਨ ਧਸਣ ਦੀ ਸਮੱਸਿਆ ਪੇਸ਼ ਆ ਰਹੀ ਹੈ। ਜ਼ਮੀਨ ਧਸਣ ਦੀਆਂ ਘਟਨਾਵਾਂ ਪੁਣਛ, ਰਾਜੌਰੀ ਅਤੇ ਕਸ਼ਮੀਰ ਦੇ ਵੱਖ ਵੱਖ ਹਿੱਸਿਆਂ ਤੋਂ ਸਾਹਮਣੇ ਆ ਰਹੀਆਂ ਹਨ।’’ ਉਨ੍ਹਾਂ ਕਿਹਾ ਕਿ ਜ਼ਮੀਨ ਧਸਣ ਕਾਰਨ 25 ਰਿਹਾਇਸ਼ੀ ਇਮਾਰਤਾਂ ਅਤੇ 20 ਹੋਰ ਇਮਾਰਤਾਂ ਵਿੱਚ ਤਰੇੜਾਂ ਆ ਚੁੱਕੀਆਂ ਹਨ ਜਿਸ ਕਾਰਨ ਇਹ ਅਣਸੁਰੱਖਿਅਤ ਹੋ ਗਈਆਂ ਹਨ। ਕਈ ਲੋਕ ਪਹਿਲਾਂ ਹੀ ਸੁਰੱਖਿਅਤ ਥਾਵਾਂ ’ਤੇ ਜਾ ਚੁੱਕੇ ਹਨ।
ਇਸ ਤੋਂ ਪਹਿਲਾਂ ਮੇਂਧੜ ਦੇ ਐੱਸਡੀਐੱਮ ਇਮਰਾਨ ਰਾਸ਼ਿਦ ਕਟਾਰੀਆ ਨੇ ਕਿਹਾ ਕਿ ਉਹ ਹਾਲਾਤ ’ਤੇ ਨਜ਼ਰ ਰੱਖ ਰਹੇ ਹਨ ਅਤੇ ਬੇਘਰ ਹੋਏ ਪਰਿਵਾਰਾਂ ਨੂੰ ਬਦਲਵੀਆਂ ਥਾਵਾਂ ’ਤੇ ਭੇਜਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਅਧਿਕਾਰੀ ਨੇ ਕਿਹਾ ਕਿ ਪਿੰਡ ਵਿੱਚ ਜ਼ਮੀਨ ਅਜੇ ਵੀ ਧਸ ਰਹੀ ਹੈ ਅਤੇ ਉਨ੍ਹਾਂ ਦੀ ਪ੍ਰਮੁੱਖ ਤਰਜੀਹ ਪੀੜਤ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ ’ਤੇ ਤਬਦੀਲ ਕਰਨਾ ਹੈ।
ਸੜਕਾਂ ਦਾ 12,000 ਕਿਲੋਮੀਟਰ ਹਿੱਸਾ ਨੁਕਸਾਨਿਆ
ਜੰਮੂ ਕਸ਼ਮੀਰ ਵਿੱਚ ਹੜ੍ਹਾਂ ਅਤੇ ਢਿੱਗਾਂ ਡਿੱਗਣ ਕਾਰਨ ਜੰਮੂ-ਸ੍ਰੀਨਗਰ ਕੌਮੀ ਸ਼ਾਹਰਾਹ ਸਣੇ ਸੜਕਾਂ ਦੇ ਕਰੀਬ 12,000 ਕਿਲੋਮੀਟਰ ਲੰਬੇ ਹਿੱਸੇ ਨੁਕਸਾਨੇ ਗਏ ਹਨ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਨੁਕਸਾਨੇ ਗਏ ਊਧਮਪੁਰ-ਰਾਮਬਨ ਮਾਰਗ ’ਤੇ ਮੁਰੰਮਤ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ ਅਤੇ ਜਲਦੀ ਹੀ ਇਸ ਦੇ ਬਹਾਲ ਹੋਣ ਦੀ ਆਸ ਹੈ। ਲੋਕ ਨਿਰਮਾਣ ਵਿਭਾਗ ਦੇ ਪ੍ਰਮੁੱਖ ਸਕੱਤਰ ਅਨਿਲ ਕੁਮਾਰ ਸਿੰਘ ਨੇ ਕਿਹਾ, ‘‘ਕੁੱਲ 42,000 ਕਿਲੋਮੀਟਰ ਸੜਕਾਂ ’ਚੋਂ ਕਰੀਬ 12,000 ਕਿਲੋਮੀਟਰ ਲੰਬੀਆਂ ਸੜਕਾਂ ਹਾਲ ਹੀ ਵਿੱਚ ਆਏ ਹੜ੍ਹਾਂ ਕਾਰਨ ਨੁਕਸਾਨੀਆਂ ਗਈਆਂ ਹਨ।’’ ਉਨ੍ਹਾਂ ਸੋਮਵਾਰ ਨੂੰ ਇੱਥੇ ਉਪ ਮੁੱਖ ਮੰਤਰੀ ਸੁਰਿੰਦਰ ਚੌਧਰੀ ਨੂੰ ਸਮੁੱਚੇ ਸੜਕ ਢਾਂਚੇ ਦੀ ਸਥਿਤੀ ਬਾਰੇ ਜਾਣਕਾਰੀ ਦਿੰਦੇ ਹੋਏ ਇਹ ਗੱਲ ਆਖੀ।