ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਜੰਮੂ-ਕਸ਼ਮੀਰ: ਦੋ ਮੁਕਾਬਲਿਆਂ ਵਿੱਚ 3 ਦਹਿਸ਼ਤਗਰਦ ਹਲਾਕ, 4 ਜਵਾਨ ਜ਼ਖ਼ਮੀ

JK: 3 Terrorists killed, four security personnel injured in 2 seperate encounters
ਸ੍ਰੀਨਗਰ ਵਿਚ ਸ਼ਨਿੱਚਰਵਾਰ ਨੂੰ ਡਿਊਟੀ ਉਤੇ ਤਾਇਨਾਤ ਸੁਰੱਖਿਆ ਜਵਾਨ। -ਫੋਟੋ: ਏਐੱਨਆਈ
Advertisement

ਸ੍ਰੀਨਗਰ, 2 ਨਵੰਬਰ

ਜੰਮੂ-ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਦੇ ਡਾਊਨਟਾਊਨ ਇਲਾਕੇ ਖਾਨਯਾਰ ਵਿੱਚ ਸੁਰੱਖਿਆ ਦਸਤਿਆਂ ਨਾਲ ਹੋਏ ਇਕ ਮੁਕਾਬਲੇ ਵਿਚ ਲਸ਼ਕਰੇ-ਤੋਇਬਾ ਨਾਲ ਸਬੰਧਤ ਇਕ ਦਹਿਸ਼ਤਗਰਦ ਮਾਰਿਆ ਗਿਆ। ਇਸ ਮੁਕਾਬਲੇ ਦੌਰਾਨ ਚਾਰ ਸੁਰੱਖਿਆ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿਚੋਂ ਦੋ ਜਵਾਨ ਸੀਆਰਪੀਐੱਫ ਅਤੇ ਦੋ ਜੰਮੂ-ਕਸ਼ਮੀਰ ਪੁਲੀਸ ਨਾਲ ਸਬੰਧਤ ਹਨ। ਇਸੇ ਤਰ੍ਹਾਂ ਅਨੰਤਨਾਗ ਜ਼ਿਲ੍ਹੇ ਵਿੱਚ ਵੀ ਸ਼ਨਿੱਚਰਵਾਰ ਨੂੰ ਸਲਾਮਤੀ ਦਸਤਿਆਂ ਨਾਲ ਹੋਏ ਮੁਕਾਬਲੇ ‘ਚ ਦੋ ਅਣਪਛਾਤੇ ਅਤਿਵਾਦੀ ਮਾਰੇ ਗਏ ਹਨ।

Advertisement

ਅਧਿਕਾਰੀਆਂ ਨੇ ਦੱਸਿਆ ਕਿ ਅਤਿਵਾਦੀਆਂ ਦੀ ਮੌਜੂਦਗੀ ਬਾਰੇ ਖੁਫੀਆ ਜਾਣਕਾਰੀ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਸ੍ਰੀਨਗਰ ਸ਼ਹਿਰ ਦੇ ਅੰਦਰੂਨੀ ਖਾਨਯਾਰ ਖੇਤਰ ਵਿੱਚ ਇੱਕ ਸੀਏਐਸਓ (ਘੇਬਾਬੰਦੀ ਅਤੇ ਤਲਾਸ਼ੀ ਅਪਰੇਸ਼ਨ) ਸ਼ੁਰੂ ਕੀਤਾ ਸੀ। ਅਧਿਕਾਰੀਆਂ ਨੇ ਕਿਹਾ, “ਜਿਵੇਂ ਹੀ ਸੁਰੱਖਿਆ ਬਲ ਲੁਕੇ ਹੋਏ ਅਤਿਵਾਦੀਆਂ ਦੇ ਨੇੜੇ ਪੁੱਜੇ ਤਾਂ ਦਹਿਸ਼ਤਗਰਦਾਂ ਨੇ ਸੁਰੱਖਿਆ ਬਲਾਂ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਅਤੇ ਮੁੱਠਭੇੜ ਸ਼ੁਰੂ ਹੋ ਗਈ।”

ਮੁਕਾਬਲੇ ਦੌਰਾਨ ਉਸ ਘਰ ਨੂੰ ਅੱਗ ਲੱਗ ਗਈ, ਜਿਥੇ ਦਹਿਸ਼ਤਗਰਦ ਲੁਕੇ ਹੋਏ ਸਨ ਅਤੇ ਆਸਮਾਨ ਵਿਚ ਸੰਘਣਾ ਧੂੰਆਂ ਛਾ ਗਿਆ। ਅਧਿਕਾਰੀਆਂ ਨੇ ਕਿਹਾ ਕਿ ਇਸ ਦੌਰਾਨ ਸੁਰੱਖਿਆ ਜਵਾਨਾਂ ਨੇ ਇਕ ਦਹਿਸ਼ਤਗਰਦ ਨੂੰ ਮਾਰ ਮੁਕਾਇਆ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਹ ਲਸ਼ਕਰੇ ਤੋਇਬਾ ਨਾਲ ਸਬੰਧਤ ਇਕ ਪਾਕਿਸਤਾਨੀ ਅਤਿਵਾਦੀ ਸੀ।  ਉਸ ਦੀ ਉਮਰ ਬਾਰੇ ਪੁੱਛੇ ਜਾਣ ’ਤੇ ਅਧਿਕਾਰੀ ਨੇ ਕਿਹਾ, ‘‘ਉਸ ਦੀ ਉਮਰ ਨੂੰ ਦੇਖਦਿਆਂ ਕਿਹਾ ਜਾ ਸਕਦਾ ਹੈ ਕਿ ਉਹ ਲਸ਼ਕਰ ਦਾ ਸਭ ਤੋਂ ਸੀਨੀਅਰ ਦਹਿਸ਼ਤਗਰਦ ਜਾਪਦਾ ਹੈ।’’

ਉਨ੍ਹਾਂ ਕਿਹਾ ਕਿ ਚਾਰੇ ਜ਼ਖ਼ਮੀ ਜਵਾਨਾਂ ਨੂੰ ਫ਼ੌਜ ਦੇ 92 ਬੇਸ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਬੀਤੇ 10 ਸਾਲਾਂ ਤੋਂ ਵੱਧ ਸਮੇਂ ਵਿੱਚ ਇਹ ਪਹਿਲੀ ਵਾਰ ਹੈ, ਜਦੋਂ ਸ੍ਰੀਨਗਰ ਦੇ ਪੁਰਾਣੇ ਸ਼ਹਿਰ ਖੇਤਰ ਵਿੱਚ ਦਹਿਸ਼ਤਗਰਦਾਂ ਤੇ ਸੁਰੱਖਿਆ ਦਸਤਿਆਂ ਦਾ ਇੰਝ ਮੁਕਾਬਲਾ ਸ਼ੁਰੂ ਹੋਇਆ ਹੈ। ਇਹ ਇਲਾਕਾ ਕਿਸੇ ਸਮੇਂ ਵੱਖਵਾਦੀ ਭਾਵਨਾਵਾਂ ਦਾ ਗੜ੍ਹ ਰਿਹਾ ਹੈ ਅਤੇ ਇਸ ਇਲਾਕੇ ਵਿੱਚ ਅਤਿਵਾਦੀ ਖੁੱਲ੍ਹੇਆਮ ਘੁੰਮਦੇ ਰਹਿੰਦੇ ਸਨ। ਸਮੇਂ ਦੇ ਬੀਤਣ ਨਾਲ ਸੁਰੱਖਿਆ ਬਲਾਂ ਨੇ ਇਨ੍ਹਾਂ ਇਲਾਕਿਆਂ ‘ਚੋਂ ਅਤਿਵਾਦ ਦਾ ਖਾਤਮਾ ਕੀਤਾ ਹੈ। ਮੰਨਿਆ ਜਾਂਦਾ ਸੀ ਕਿ ਸ੍ਰੀਨਗਰ ਸ਼ਹਿਰ ਨੂੰ ਆਮ ਕਰ ਕੇ ਅਤੇ ਡਾਊਨਟਾਊਨ ਇਲਾਕੇ ਨੂੰ ਖ਼ਾਸ ਕਰ ਕੇ ਦਹਿਸ਼ਤਗਰਦੀ ਤੋਂ ਆਜ਼ਾਦ ਕਰਵਾ ਲਿਆ ਗਿਆ ਹੈ। ਸ੍ਰੀਨਗਰ ਦੇ ਡਾਊਨਟਾਊਨ ਖਾਨਯਾਰ ਇਲਾਕੇ ‘ਚ ਸ਼ਨਿੱਚਵਾਰ ਦੀ ਇਸ ਘਟਨਾ ਨੇ ਨਾਲ ਇਹ ਵਿਸ਼ਵਾਸ ਟੁੱਟ ਗਿਆ ਜਾਪਦਾ ਹੈ।

ਇਹ ਵੀ ਪੜ੍ਹੋ:

Video: ਬਡਗਾਮ ਹਮਲੇ ਦੀ ਜਾਂਚ ਬਾਰੇ ਫ਼ਾਰੂਕ ਅਬਦੁੱਲਾ ਦੇ ਬਿਆਨ ਤੋਂ ਸਿਆਸਤ ਭਖ਼ੀ

ਅਨੰਤਨਾਗ ਵਿਚ ਦਹਿਸ਼ਤਗਰਦਾਂ ਦੇ ਮਾਰੇ ਬਾਰੇ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਕਿਹਾ, “ਸ਼ਨਿੱਚਰਵਾਰ ਨੂੰ ਅਨੰਤਨਾਗ ਜ਼ਿਲ੍ਹੇ ਦੇ ਸ਼ਾਂਗਸ ਦੇ ਲਾਰਨੂ ਜੰਗਲੀ ਇਲਾਕੇ ਵਿੱਚ ਦੋ ਅਣਪਛਾਤੇ ਅਤਿਵਾਦੀ ਮਾਰੇ ਗਏ ਸਨ। ਮਾਰੇ ਗਏ ਅਤਿਵਾਦੀਆਂ ਦੀ ਸਹੀ ਪਛਾਣ ਦਾ ਪਤਾ ਇਲਾਕੇ ਵਿੱਚ ਅਪਰੇਸ਼ਨ ਪੂਰਾ ਹੋਣ ਤੋਂ ਬਾਅਦ ਲਾਇਆ ਜਾਵੇਗਾ।’’

ਸ਼ੁੱਕਰਵਾਰ ਨੂੰ, ਅਤਿਵਾਦੀਆਂ ਨੇ ਬਡਗਾਮ ਜ਼ਿਲ੍ਹੇ ਦੇ ਮਾਗਾਮ ਖੇਤਰ ਦੇ ਮਜ਼ਮਾ ਪਿੰਡ ‘ਚ ਉੱਤਰ ਪ੍ਰਦੇਸ਼ ਨਾਲ ਸਬੰਧਤ ਦੋ ਗੈਰ-ਮੁਕਾਮੀ ਮਜ਼ਦੂਰਾਂ ਸੰਜੇ ਅਤੇ ਉਸਮਾਨ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਸੀ। ਦੋਵਾਂ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਹੈ। -ਏਜੰਸੀਆਂ

Advertisement