JK Cloudburst: ਜੰਮੂ-ਕਸ਼ਮੀਰ ਦੇ ਕਿਸ਼ਤਵਾੜ ’ਚ ਬੱਦਲ ਫਟਣ ਕਾਰਨ 46 ਹਲਾਕ, 167 ਵਿਅਕਤੀ ਬਚਾਏ
ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਦੇ ਇੱਕ ਦੂਰ-ਦੁਰਾਡੇ ਪਹਾੜੀ ਪਿੰਡ ਵਿੱਚ ਭਾਰੀ ਬੱਦਲ ਫਟਣ ਨਾਲ ਘੱਟੋ-ਘੱਟ 46 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਫਸੇ ਹੋਏ ਹਨ ਤੇ ਇਸ ਦੌਰਾਨ ਕਰੀਬ 167 ਲੋਕਾਂ ਨੂੰ ਬਚਾ ਲਿਆ ਗਿਆ ਹੈ। ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ਉਤੇ ਦੁਖ ਜ਼ਾਹਰ ਕੀਤਾ ਹੈ।
ਅਧਿਕਾਰੀਆਂ ਨੇ ਕਿਹਾ ਕਿ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ ਅਤੇ ਹੁਣ ਤੱਕ ਬਚਾਏ ਗਏ 167 ਲੋਕਾਂ ਵਿੱਚੋਂ 38 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਆਫ਼ਤ ਵਿੱਚ ਸੀਆਈਐਸਐਫ ਦੇ ਦੋ ਜਵਾਨ ਵੀ ਮਾਰੇ ਗਏ ਹਨ। ਅਧਿਕਾਰੀਆਂ ਨੇ ਕਿਹਾ ਕਿ ਐਨਡੀਆਰਐਫ, ਐਸਡੀਆਰਐਫ, ਪੁਲਿਸ, ਫੌਜ ਅਤੇ ਸਥਾਨਕ ਵਲੰਟੀਅਰਾਂ ਦੁਆਰਾ ਵੱਡੇ ਪੱਧਰ 'ਤੇ ਬਚਾਅ ਕਾਰਜ ਜਾਰੀ ਹੈ।
ਇਹ ਘਟਨਾ ਜੰਮੂ ਖੇਤਰ ਦੇ ਪਹਾੜੀ ਜ਼ਿਲ੍ਹੇ ਕਿਸ਼ਤਵਾੜ ਦੇ ਪੱਡਰ ਵਿੱਚ ਵਾਪਰੀ। ਅਧਿਕਾਰੀਆਂ ਦੇ ਕਹਿਣਾ ਹੈ ਕਿ ਇਹ ਗਿਣਤੀ ਹੋਰ ਵਧ ਸਕਦੀ ਹੈ। ਰਿਪੋਰਟਾਂ ਮੁਤਾਬਕ ਪ੍ਰਭਾਵਿਤ ਖੇਤਰ 'ਚ ਵੱਡੀ ਗਿਣਤੀ ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ। ਮਛੈਲ ਮਾਤਾ ਯਾਤਰਾ ਦੇ ਰਸਤੇ 'ਤੇ ਸਥਿਤ ਪਿੰਡ ਚਸੋਤੀ 'ਚ ਬੱਦਲ ਫਟਣ ਤੋਂ ਬਾਅਦ ਫੌਜ, NDRF ਅਤੇ SDRF ਸਮੇਤ ਬਚਾਅ ਟੀਮਾਂ ਨੂੰ ਮੌਕੇ 'ਤੇ ਭੇਜਿਆ ਗਿਆ ਹੈ।
ਇਸ ਦੌਰਾਨ ਇਲਾਕੇ ਨੂੰ ਜਾਣ ਵਾਲੀਆਂ ਸੜਕਾਂ ਤਬਾਹ ਗਈਆਂ ਹਨ ਅਤੇ ਦੁਪਹਿਰ 2 ਵਜੇ ਤੱਕ ਇਲਾਕੇ ਵਿੱਚ ਬਿਜਲੀ ਜਾਂ ਟੈਲੀਫੋਨ ਕਨੈਕਟੀਵਿਟੀ ਨਹੀਂ ਸੀ। ਜ਼ਿਕਰਯੋਗ ਹੈ ਕਿ ਬੁੱਧਵਾਰ ਦੇਰ ਰਾਤ ਤੋਂ ਇਸ ਖੇਤਰ ਵਿੱਚ ਲਗਾਤਾਰ ਮੀਂਹ ਪੈਣ ਪਾਣੀ ਦਾ ਵਹਾਅ ਪਹਿਲਾਂ ਹੀ ਵਧ ਰਿਹਾ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦੇ ਵਿਚਾਰ ਅਤੇ ਪ੍ਰਾਰਥਨਾਵਾਂ ਤੇ ਸੰਵੇਦਨਾਵਾਂ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿੱਚ ਬੱਦਲ ਫਟਣ ਨਾਲ ਪ੍ਰਭਾਵਿਤ ਸਾਰੇ ਲੋਕਾਂ ਨਾਲ ਹਨ ਅਤੇ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਲੋੜਵੰਦਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਮੋਦੀ ਨੇ X 'ਤੇ ਇੱਕ ਪੋਸਟ ਵਿੱਚ ਕਿਹਾ, "ਮੇਰੇ ਵਿਚਾਰ ਅਤੇ ਪ੍ਰਾਰਥਨਾਵਾਂ ਜੰਮੂ ਅਤੇ ਕਸ਼ਮੀਰ ਦੇ ਕਿਸ਼ਤਵਾੜ ਵਿੱਚ ਬੱਦਲ ਫਟਣ ਅਤੇ ਹੜ੍ਹਾਂ ਤੋਂ ਪ੍ਰਭਾਵਿਤ ਸਾਰੇ ਲੋਕਾਂ ਨਾਲ ਹਨ। ਸਥਿਤੀ 'ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਬਚਾਅ ਅਤੇ ਰਾਹਤ ਕਾਰਜ ਜਾਰੀ ਹਨ।" ਪ੍ਰਧਾਨ ਮੰਤਰੀ ਨੇ ਕਿਹਾ, "ਲੋੜਵੰਦਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।"
ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਮੰਦਰ ਦੀ ਸਾਲਾਨਾ ਯਾਤਰਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨੇ ਘਟਨਾ ਵਿੱਚ ਜਾਨੀ ਨੁਕਸਾਨ 'ਤੇ ਦੁੱਖ ਪ੍ਰਗਟ ਕੀਤਾ।
ਸਿਨਹਾ ਨੇ X 'ਤੇ ਕਿਹਾ, "ਕਿਸ਼ਤਵਾੜ ਦੇ ਚਸੋਤੀ 'ਚ ਬੱਦਲ ਫਟਣ ਕਾਰਨ ਦੁਖੀ ਹਾਂ। ਦੁਖੀ ਪਰਿਵਾਰਾਂ ਨਾਲ ਹਮਦਰਦੀ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕਰਦਾ ਹਾਂ। ਸਿਵਲ, ਪੁਲੀਸ, ਫੌਜ, NDRF ਅਤੇ SDRF ਅਧਿਕਾਰੀਆਂ ਨੂੰ ਬਚਾਅ ਅਤੇ ਰਾਹਤ ਕਾਰਜਾਂ ਨੂੰ ਮਜ਼ਬੂਤ ਕਰਨ ਅਤੇ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦਾ ਨਿਰਦੇਸ਼ ਦਿੱਤਾ ਹੈ।"
ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਮਾਮਲੇ 'ਤੇ ਕਿਸ਼ਤਵਾੜ ਦੇ ਡਿਪਟੀ ਕਮਿਸ਼ਨਰਪੰਕਜ ਕੁਮਾਰ ਸ਼ਰਮਾ ਨਾਲ ਗੱਲ ਕੀਤੀ ਹੈ। ਉਨ੍ਹਾਂ ਨੇ X 'ਤੇ ਕਿਹਾ, "ਚਸੋਤੀ ਖੇਤਰ ਵਿੱਚ ਬੱਦਲ ਫਟਿਆ ਹੈ, ਜਿਸ ਨਾਲ ਕਾਫੀ ਜਾਨੀ ਨੁਕਸਾਨ ਹੋ ਸਕਦਾ ਹੈ। ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ ਬਚਾਅ ਟੀਮ ਮੌਕੇ ਲਈ ਰਵਾਨਾ ਕੀਤੀ ਹੈ।"
ਅਧਿਕਾਰੀਆਂ ਨੇ ਦੱਸਿਆ ਕਿ ਸਬ-ਡਿਵੀਜ਼ਨਲ ਮੈਜਿਸਟ੍ਰੇਟ ਪੱਡਰ ਦੀ ਅਗਵਾਈ ਹੇਠ ਅਧਿਕਾਰੀਆਂ ਦੀ ਇੱਕ ਟੀਮ ਮੌਕੇ 'ਤੇ ਪਹੁੰਚ ਗਈ ਹੈ ਅਤੇ ਹੁਣ ਤੱਕ ਬੱਦਲ ਫਟਣ ਕਾਰਨ 10 ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ। ਪੀਟੀਆਈ ਦੇ ਇਨਪੁਟਸ ਸਮੇਤ