ਜੈਸ਼ੰਕਰ ਵੱਲੋਂ ਅਤਿਵਾਦ ਪ੍ਰਤੀ ‘ਜ਼ੀਰੋ ਟੌਲਰੈਂਸ’ ਨੀਤੀ ’ਤੇ ਜ਼ੋਰ
ਮਾਸਕੋ-ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਰੂਸ ਵਿੱਚ ਸ਼ੰਘਾਈ ਸਹਿਯੋਗ ਸੰਗਠਨ (SCO) ਦੇ ਸਿਖਰ ਸੰਮੇਲਨ ਵਿੱਚ ਦਹਿਸ਼ਤਗਰਦੀ ’ਤੇ ਦੁਨੀਆ ਨੂੰ ਸਖ਼ਤ ਸੰਦੇਸ਼ ਦਿੱਤਾ।
ਉਨ੍ਹਾਂ ਕਿਹਾ ਕਿ ਦੁਨੀਆ ਨੂੰ ਇਸ ਪ੍ਰਤੀ ‘ਜ਼ੀਰੋ ਟੌਲਰੈਂਸ’ ਦਿਖਾਉਣਾ ਚਾਹੀਦਾ ਹੈ। ਦਹਿਸ਼ਤਗਰਦੀ ਨੂੰ ਨਾ ਤਾਂ ਅੱਖੋਂ-ਓਹਲੇ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਲੁਕਾਇਆ ਜਾ ਸਕਦਾ ਹੈ।
ਵਿਦੇਸ਼ ਮੰਤਰੀ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਭਾਰਤ ਨੂੰ ਦਹਿਸ਼ਤਗਰਦੀ ਦੇ ਖ਼ਿਲਾਫ਼ ਆਪਣੇ ਲੋਕਾਂ ਦੀ ਰੱਖਿਆ ਕਰਨ ਦਾ ਅਧਿਕਾਰ ਹੈ ਅਤੇ ਉਹ ਇਸਦੀ ਵਰਤੋਂ ਕਰੇਗਾ।
ਉਨ੍ਹਾਂ ਨੇ SCO ਦੇ ਆਗੂਆਂ ਨੂੰ ਕਿਹਾ ਕਿ ਦਹਿਸ਼ਤਗਰਦੀ ਦਾ ਮੁਕਾਬਲਾ ਕਰਨਾ ਸਾਰਿਆਂ ਦੀ ਸਾਂਝੀ ਤਰਜੀਹ ਬਣੀ ਰਹਿਣੀ ਚਾਹੀਦੀ ਹੈ ਅਤੇ ਇਸ ਵਿੱਚ ਸਹਿਣਸ਼ੀਲਤਾ (Tolerance) ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ।
ਐਸ. ਜੈਸ਼ੰਕਰ ਨੇ ਯਾਦ ਕਰਵਾਇਆ ਕਿ ਸਾਰੇ ਮੈਂਬਰ ਦੇਸ਼ਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ SCO ਦੀ ਸਥਾਪਨਾ ਦਹਿਸ਼ਤਗਰਦੀ, ਵੱਖਵਾਦ ਅਤੇ ਕੱਟੜਵਾਦ ਨੂੰ ਖਤਮ ਕਰਨ ਲਈ ਹੋਈ ਸੀ।
ਦੱਸ ਦਈਏ ਕਿ ਇਸ ਸੰਗਠਨ ਦੀ ਸਥਾਪਨਾ 2001 ਵਿੱਚ ਰੂਸ, ਚੀਨ, ਕਿਰਗਿਜ਼ ਗਣਰਾਜ, ਕਜ਼ਾਕਿਸਤਾਨ, ਤਾਜਿਕਸਤਾਨ ਅਤੇ ਉਜ਼ਬੇਕਿਸਤਾਨ ਦੇ ਰਾਸ਼ਟਰਪਤੀਆਂ ਨੇ ਕੀਤੀ ਸੀ। ਭਾਰਤ ਅਤੇ ਪਾਕਿਸਤਾਨ 2017 ਵਿੱਚ ਇਸਦੇ ਸਥਾਈ ਮੈਂਬਰ ਬਣੇ। ਜੁਲਾਈ 2023 ਵਿੱਚ, ਭਾਰਤ ਦੀ ਮੇਜ਼ਬਾਨੀ ਵਿੱਚ ਹੋਏ ਇੱਕ ਆਨਲਾਈਨ ਸਿਖਰ ਸੰਮੇਲਨ ਵਿੱਚ ਈਰਾਨ ਨੂੰ ਨਵਾਂ ਸਥਾਈ ਮੈਂਬਰ ਬਣਾਇਆ ਗਿਆ।
