ਜੈਸ਼ੰਕਰ ਵੱਲੋਂ ਅਮਰੀਕੀ ਰਾਜਦੂਤ ਸਰਜੀਓ ਗੋਰ ਨਾਲ ਮੁਲਾਕਾਤ ਕੀਤੀ
ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸ਼ਨਿਚਰਵਾਰ ਨੂੰ ਅਮਰੀਕੀ ਰਾਜਦੂਤ-ਨਾਮਜ਼ਦ ਸਰਜੀਓ ਗੋਰ ਨਾਲ ਗੱਲਬਾਤ ਕੀਤੀ। ਉਧਰ ਭਾਰਤੀ ਬਰਾਮਦਾਂ 'ਤੇ ਵਾਸ਼ਿੰਗਟਨ ਵੱਲੋਂ 50 ਫੀਸਦੀ ਟੈਰਿਫ ਲਗਾਉਣ ਕਾਰਨ ਭਾਰਤ-ਅਮਰੀਕਾ ਸਬੰਧਾਂ ਵਿੱਚ ਤਣਾਅ ਜਾਰੀ ਹੈ।
ਗੋਰ, ਨਵੀਂ ਦਿੱਲੀ ਦੇ ਛੇ ਦਿਨਾਂ ਦੇ ਦੌਰੇ 'ਤੇ ਹਨ।
ਜੈਸ਼ੰਕਰ ਨੇ ਸੋਸ਼ਲ ਮੀਡੀਆ 'ਤੇ ਕਿਹਾ, "ਅੱਜ ਨਵੀਂ ਦਿੱਲੀ ਵਿੱਚ ਅਮਰੀਕਾ ਦੇ ਰਾਜਦੂਤ-ਨਾਮਜ਼ਦ ਸਰਜੀਓ ਗੋਰ ਨੂੰ ਮਿਲ ਕੇ ਖੁਸ਼ੀ ਹੋਈ। ਭਾਰਤ-ਅਮਰੀਕਾ ਸਬੰਧਾਂ ਅਤੇ ਇਸਦੀ ਆਲਮੀ ਮਹੱਤਤਾ ਬਾਰੇ ਚਰਚਾ ਕੀਤੀ।"
ਉਨ੍ਹਾਂ ਕਿਹਾ, "ਉਨ੍ਹਾਂ ਨੂੰ ਉਨ੍ਹਾਂ ਦੀ ਨਵੀਂ ਜ਼ਿੰਮੇਵਾਰੀ ਲਈ ਸ਼ੁੱਭਕਾਮਨਾਵਾਂ।" ਗੋਰ ਨੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨਾਲ ਵੀ ਮੁਲਾਕਾਤ ਕੀਤੀ।
ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ 'ਐਕਸ' ('X') 'ਤੇ ਕਿਹਾ, ‘‘ਉਨ੍ਹਾਂ ਨੇ ਭਾਰਤ-ਅਮਰੀਕਾ ਦੀ ਵਿਆਪਕ ਗਲੋਬਲ ਰਣਨੀਤਕ ਭਾਈਵਾਲੀ ਅਤੇ ਇਸ ਦੀਆਂ ਸਾਂਝੀਆਂ ਤਰਜੀਹਾਂ 'ਤੇ ਇੱਕ ਲਾਭਕਾਰੀ ਆਦਾਨ-ਪ੍ਰਦਾਨ ਕੀਤਾ। ਵਿਦੇਸ਼ ਸਕੱਤਰ ਨੇ ਰਾਜਦੂਤ-ਨਾਮਜ਼ਦ ਗੋਰ ਨੂੰ ਉਨ੍ਹਾਂ ਦੀ ਜ਼ਿੰਮੇਵਾਰੀ ਲਈ ਸਫ਼ਲਤਾ ਦੀ ਕਾਮਨਾ ਕੀਤੀ।’’
ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਭਾਰਤੀ ਵਸਤਾਂ ’ਤੇ ਟੈਕਸ ਦੁੱਗਣਾ ਕਰਕੇ 50 ਫੀਸਦ ਕੀਤੇ ਜਾਣ ਤੋਂ ਬਾਅਦ ਨਵੀਂ ਦਿੱਲੀ ਅਤੇ ਵਾਸ਼ਿੰਗਟਨ ਦੇ ਸਬੰਧਾਂ ਵਿੱਚ ਗੰਭੀਰ ਤਣਾਅ ਚੱਲ ਰਿਹਾ ਹੈ। ਭਾਰਤ ਨੇ ਅਮਰੀਕੀ ਕਾਰਵਾਈ ਨੂੰ ਨਾਜਾਇਜ਼, ਗੈਰ-ਵਾਜਬ ਅਤੇ ਗੈਰ-ਮੁਨਸਿਫ਼ ਦੱਸਿਆ।
ਆਪਣੀ ਪ੍ਰਤੀਕਿਰਿਆ ਵਿੱਚ ਗੋਰ ਨੇ ਕਿਹਾ ਕਿ ਉਹ ਭਾਰਤ ਲਈ ਅਗਲੇ ਅਮਰੀਕੀ ਰਾਜਦੂਤ ਅਤੇ ਦੱਖਣੀ ਅਤੇ ਮੱਧ ਏਸ਼ੀਆਈ ਮਾਮਲਿਆਂ ਲਈ ਵਿਸ਼ੇਸ਼ ਦੂਤ ਵਜੋਂ ਨਾਮਜ਼ਦ ਕਰਨ ਲਈ ਟਰੰਪ ਦੇ ਵਿਸ਼ਵਾਸ ਲਈ ਬਹੁਤ ਧੰਨਵਾਦੀ ਹਨ।
ਅਮਰੀਕੀ ਸੈਨੇਟ ਨੇ ਇਸ ਹਫ਼ਤੇ ਉਨ੍ਹਾਂ ਦੀ ਨਿਯੁਕਤੀ ਦੀ ਪੁਸ਼ਟੀ ਕਰ ਦਿੱਤੀ ਹੈ। ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਗੋਰ ਇਸ ਵਾਰ ਨਵੀਂ ਦਿੱਲੀ ਵਿੱਚ ਆਪਣੇ ਠਹਿਰਾਅ ਦੌਰਾਨ ਅਮਰੀਕੀ ਦੂਤ ਵਜੋਂ ਆਪਣੇ ਪ੍ਰਮਾਣ ਪੱਤਰ ਪੇਸ਼ ਨਹੀਂ ਕਰਨਗੇ।