ਜੈਪੁਰ ਅਗਨੀ ਕਾਂਡ: ਹਟਾਏ ਯੂਨਿਟ ਇੰਚਾਰਜ ਨੇ ਖ਼ਤਰੇ ਬਾਰੇ ਕੀਤਾ ਸੀ ਸੁਚੇਤ
ਇਥੋਂ ਦੇ ਸਵਾਈ ਮਾਨ ਸਿੰਘ ਹਸਪਤਾਲ ਦੇ ਟਰੌਮਾ ਸੈਂਟਰ ਵਿੱਚ ਲੱਗੀ ਅੱਗ ਕਾਰਨ ਛੇ ਮੌਤਾਂ ਤੋਂ ਬਾਅਦ ਯੂਨਿਟ ਇੰਚਾਰਜ ਦੇ ਅਹੁਦੇ ਤੋਂ ਹਟਾਏ ਗਏ ਅਧਿਕਾਰੀ ਨੇ ਦੋਸ਼ ਲਾਇਆ ਕਿ ਉਨ੍ਹਾਂ ਨੇ ਉੱਚ ਅਧਿਕਾਰੀਆਂ ਨੂੰ ਮਾੜੇ ਰੱਖ-ਰਖਾਅ ਅਤੇ ਹੋਰ ਖਾਮੀਆਂ ਬਾਰੇ ਪਹਿਲਾਂ ਹੀ ਚਿਤਾਵਨੀ ਦਿੱਤੀ ਸੀ ਪਰ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਐਤਵਾਰ ਰਾਤ ਨੂੰ ਟਰੌਮਾ ਸੈਂਟਰ ਦੀ ਦੂਜੀ ਮੰਜ਼ਿਲ ’ਤੇ ਸਥਿਤ ਨਿਊਰੋ ਆਈ ਸੀ ਯੂ ਵਿੱਚ ਅੱਗ ਲੱਗਣ ਕਾਰਨ ਛੇ ਮਰੀਜ਼ਾਂ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਸੂਬਾ ਸਰਕਾਰ ਨੇ ਬੀਤੇ ਦਿਨ ਐੱਸ ਐੱਮ ਐੱਸ ਹਸਪਤਾਲ ਦੇ ਸੁਪਰਡੈਂਟ ਡਾ. ਸੁਸ਼ੀਲ ਭਾਟੀ ਅਤੇ ਟਰੌਮਾ ਸੈਂਟਰ ਦੇ ਇੰਚਾਰਜ ਡਾ. ਅਨੁਰਾਗ ਧਾਕੜ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਹਟਾ ਦਿੱਤਾ ਹੈ। ਅਹੁਦੇ ਤੋਂ ਹਟਾਏ ਗਏ ਡਾ. ਅਨੁਰਾਗ ਧਾਕੜ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਹਸਪਤਾਲ ਦੇ ਸੁਪਰਡੈਂਟ ਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਕਈ ਵਾਰ ਪੱਤਰ ਲਿਖ ਕੇ ਕੰਧਾਂ ਵਿੱਚ ਬਿਜਲੀ ਦੇ ਕਰੰਟ, ਛੱਤਾਂ ਦੇ ਲੀਕ ਹੋਣ ਅਤੇ ਬਿਜਲੀ ਪੈਨਲਾਂ ਵਿੱਚ ਨੁਕਸ ਬਾਰੇ ਚਿਤਾਵਨੀ ਦਿੱਤੀ ਸੀ।
ਸਰਕਾਰੀ ਇਮਾਰਤਾਂ ਦੀ ਖਸਤਾ ਹਾਲਤ ’ਤੇ ਹਾਈ ਕੋਰਟ ਨੇ ਚੁੱਕੇ ਸਵਾਲ
ਰਾਜਸਥਾਨ ਹਾਈ ਕੋਰਟ ਨੇ ਅੱਜ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਕੁੱਝ ਇਮਾਰਤਾਂ ਢਹਿ ਰਹੀਆਂ ਹਨ ਅਤੇ ਕੁੱਝ ਨੂੰ ਅੱਗ ਲੱਗ ਰਹੀ ਹੈ, ਸੂਬੇ ਵਿੱਚ ਸਰਕਾਰੀ ਇਮਾਰਤਾਂ ਨਾਲ ਹੋ ਕੀ ਰਿਹਾ ਹੈ। ਅਦਾਲਤ ਦੀ ਇਹ ਟਿੱਪਣੀ ਜੈਪੁਰ ਦੇ ਸਵਾਈ ਮਾਨ ਸਿੰਘ ਹਸਪਤਾਲ ਵਿੱਚ ਅੱਗ ਲੱਗਣ ਕਾਰਨ ਛੇ ਮਰੀਜ਼ਾਂ ਦੀ ਮੌਤ ਮਗਰੋਂ ਆਈ ਹੈ। ਅਦਾਲਤ ਜੁਲਾਈ ਮਹੀਨੇ ਵਿੱਚ ਝਾਲਾਵਾੜ ਵਿੱਚ ਸਰਕਾਰੀ ਸਕੂਲ ਦੀ ਇਮਾਰਤ ਡਿੱਗਣ ਨਾਲ ਸਬੰਧਤ ਮਾਮਲੇ ਦੀ ਸੁਣਵਾਈ ਕਰ ਰਹੀ ਸੀ, ਜਿਸ ਵਿੱਚ ਸੱਤ ਵਿਦਿਆਰਥੀਆਂ ਦੀ ਜਾਨ ਚਲੀ ਗਈ ਸੀ। ਜਸਟਿਸ ਮਹਿੰਦਰ ਕੁਮਾਰ ਗੋਇਲ ਅਤੇ ਜਸਟਿਸ ਅਸ਼ੋਕ ਕੁਮਾਰ ਜੈਨ ਦੇ ਡਿਵੀਜ਼ਨ ਬੈਂਚ ਨੇ ਕਿਹਾ, ‘ਸਰਕਾਰੀ ਇਮਾਰਤਾਂ ਨੂੰ ਹੋ ਕੀ ਰਿਹਾ ਹੈ? ਕੁਝ ਢਹਿ ਰਹੀਆਂ ਹਨ, ਬਾਕੀਆਂ ਨੂੰ ਅੱਗ ਲੱਗ ਰਹੀ ਹੈ।’