ਇਟਲੀ: ਸੜਕ ਹਾਦਸੇ ’ਚ ਚਾਰ ਭਾਰਤੀਆਂ ਦੀ ਮੌਤ
ਇਟਲੀ ਦੀ ਨਿਊਜ਼ ਏਜੰਸੀ ਏ ਐੱਨ ਐੱਸ ਏ ਨੇ ਐਤਵਾਰ ਨੂੰ ਰਿਪੋਰਟ ਵਿੱਚ ਕਿਹਾ ਕਿ ਪੀੜਤ ਸੱਤ ਸੀਟਾਂ ਵਾਲੀ ਰੈਨੋ ਸੀਨਿਕ ਵਿੱਚ ਛੇ ਹੋਰ ਵਿਅਕਤੀਆਂ ਨਾਲ ਸਵਾਰ ਸਨ। ਇਸ ਵਾਹਨ ਦੀ ਸ਼ਨਿਚਰਵਾਰ ਨੂੰ ਐਗਰੀ ਵੈਲੀ ’ਤੇ ਮਾਤੇਰਾ ਸ਼ਹਿਰ ਦੇ ਸਕੈਨਜ਼ਾਨੋ ਜੋਨੀਕੋ ਵਿੱਚ ਇੱਕ ਟਰੱਕ ਨਾਲ ਟੱਕਰ ਹੋ ਗਈ। ਮ੍ਰਿਤਕਾਂ ਦੀ ਪਛਾਣ ਮਨੋਜ ਕੁਮਾਰ (34), ਸੁਰਜੀਤ ਸਿੰਘ (33), ਹਰਵਿੰਦਰ ਸਿੰਘ (31) ਅਤੇ ਜਸਕਰਨ ਸਿੰਘ (20) ਵਜੋਂ ਹੋਈ ਹੈ।
ਭਾਰਤੀ ਦੂਤਾਵਾਸ ਨੇ ਸੋਸ਼ਲ ਮੀਡੀਆ ’ਤੇ ਕਿਹਾ, ‘‘ਦੱਖਣੀ ਇਟਲੀ ਦੇ ਮਾਤੇਰਾ ਵਿੱਚ ਸੜਕ ਹਾਦਸੇ ਵਿੱਚ ਚਾਰ ਭਾਰਤੀ ਨਾਗਰਿਕਾਂ ਦੀ ਮੌਤ ’ਤੇ ਭਾਰਤੀ ਦੂਤਘਰ ਡੂੰਘਾ ਦੁੱਖ ਪ੍ਰਗਟ ਕਰਦਾ ਹੈ।’’ ਦੂਤਾਵਾਸ ਨੇ ਕਿਹਾ, ‘‘ਅਸੀਂ ਹੋਰ ਜਾਣਕਾਰੀ ਹਾਸਲ ਕਰਨ ਲਈ ਸਥਾਨਕ ਇਤਾਲਵੀ ਅਧਿਕਾਰੀਆਂ ਨਾਲ ਸੰਪਰਕ ਕਰ ਰਹੇ ਹਾਂ।’’ ਦੂਤਘਰ ਨੇ ਪੁਸ਼ਟੀ ਕੀਤੀ ਕਿ ਇਸ ਹਾਦਸੇ ਵਿੱਚ ਜ਼ਖ਼ਮੀ ਹੋਏ ਵਿਅਕਤੀਆਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ। ਦੂਤਾਵਾਸ ਦੇ ਅਧਿਕਾਰੀ ਹਰ ਲੋੜੀਂਦੀ ਦੀ ਮਦਦ ਲਈ ਪਰਿਵਾਰ ਅਤੇ ਇਤਾਲਵੀ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਨ।
ਏ ਐੱਨ ਐੱਸ ਏ ਦੀ ਰਿਪੋਰਟ ਮੁਤਾਬਕ, ਪੰਜ ਜ਼ਖ਼ਮੀਆਂ ਨੂੰ ਪੋਲੀਕੋਰੋ (ਮਾਤੇਰਾ) ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਦਕਿ ਛੇਵੇਂ ਦੀ ਹਾਲਤ ਬਹੁਤ ਗੰਭੀਰ ਸੀ ਅਤੇ ਉਸ ਨੂੰ ਪੋਟੈਂਜ਼ਾ ਦੇ ਸਾਂ ਕਾਰਲੋ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਹੈ। ਟਰੱਕ ਡਰਾਈਵਰ ਦਾ ਬਚਾਅ ਹੋ ਗਿਆ। ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।
ਮੰਡਵੀ ਦੇ ਨੌਜਵਾਨ ਦੀ ਅਮਰੀਕਾ ’ਚ ਮੌਤ
ਪਾਤੜਾਂ(ਨਿੱਜੀ ਪੱਤਰ ਪ੍ਰੇਰਕ): ਇੱਥੋਂ ਦੇ ਪਿੰਡ ਮੰਡਵੀ ਦੇ 25 ਸਾਲਾ ਨੌਜਵਾਨ ਹਰਮਨਪ੍ਰੀਤ ਸਿੰਘ ਦੀ ਅਮਰੀਕਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਹਰਮਨਪ੍ਰੀਤ ਦੇ ਚਚੇਰੇ ਭਰਾ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਰੋਜ਼ੀ-ਰੋਟੀ ਕਮਾਉਣ ਲਈ ਅਮਰੀਕਾ ਗਿਆ ਸੀ। ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ।
ਉਸ ਦੇ ਮਾਤਾ-ਪਿਤਾ ਪੁੱਤ ਦੇ ਵਿਆਹ ਦੇ ਸੁਪਨੇ ਸੰਜੋਈ ਬੈਠੇ ਸਨ। ਪਰਿਵਾਰ ਤੇ ਪਿੰਡ ਵਾਸੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਹਰਮਨਪ੍ਰੀਤ ਦੀ ਲਾਸ਼ ਭਾਰਤ ਲਿਆਉਣ ਲਈ ਵਿਦੇਸ਼ ਮੰਤਰਾਲੇ ਤੱਕ ਪਹੁੰਚ ਕੀਤੀ ਜਾਵੇ ਤਾਂ ਜੋ ਮਾਪੇ ਉਸ ਦੀਆਂ ਅੰਤਿਮ ਰਸਮਾਂ ਪੂਰੀਆਂ ਕਰ ਸਕਣ।
ਭਟਨੂਰਾ ਕਲਾਂ ਦੇ ਨੌਜਵਾਨ ਦੀ ਕੈਨੇਡਾ ’ਚ ਮੌਤ
ਕਪੂਰਥਲਾ(ਜਸਬੀਰ ਸਿੰਘ ਚਾਨਾ): ਭੁਲੱਥ ਦੇ ਨਜ਼ਦੀਕੀ ਪਿੰਡ ਭਟਨੂਰਾ ਕਲਾਂ ਦੇ 30 ਸਾਲਾ ਨੌਜਵਾਨ ਦੀ ਅੱਜ ਕੈਨੇਡਾ ’ਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਨਵਿੰਦਰ ਸਿੰਘ ਪੁੱਤਰ ਇੰਦਰਜੀਤ ਸਿੰਘ ਵਜੋਂ ਹੋਈ ਹੈ। ਮਨਵਿੰਦਰ ਸਿੰਘ ਦੋ ਸਾਲਾਂ ਤੋਂ ਵਰਕ ਪਰਮਿਟ ’ਤੇ ਕੈਨੇਡਾ ਵਿੱਚ ਰਹਿ ਰਿਹਾ ਸੀ ਅਤੇ ਨਿਰਮਾਣ ਕੰਪਨੀ ਵਿੱਚ ਕੰਮ ਕਰਦਾ ਸੀ। ਹਾਦਸੇ ਵਾਲੇ ਦਿਨ ਉਹ ਸੁਰੱਖਿਆ ਬੈੱਲਟ ਬੰਨ੍ਹ ਕੇ ਉਸਾਰੀ ਅਧੀਨ ਇਮਾਰਤ ’ਤੇ ਕੰਮ ਕਰ ਰਿਹਾ ਸੀ ਕਿ ਅਚਾਨਕ ਉਸ ਦੀ ਬੈੱਲਟ ਟੁੱਟ ਗਈ, ਜਿਸ ਕਾਰਨ ਉਹ ਜ਼ਮੀਨ ’ਤੇ ਆ ਡਿੱਗਿਆ। ਇਸ ਮਗਰੋਂ ਉਸ ਦੇ ਸਾਥੀ ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲੈ ਕੇ ਗਏ, ਜਿੱਥੇ ਉਹ ਪਿਛਲੇ ਚਾਰ-ਪੰਜ ਦਿਨਾਂ ਤੋਂ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਸੀ ਪਰ ਅੱਜ ਉਹ ਦਮ ਤੋੜ ਗਿਆ।