ਐੱਨਡੀਏ ਮਨੀਪੁਰ ਘਟਨਾਵਾਂ ’ਤੇ ਰੋਸ ਜਤਾਉਂਦਾ ਤਾਂ ਵੱਧ ਸਾਰਥਕ ਹੁੰਦਾ: ਡਿੰਪਲ ਯਾਦਵ
ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਡਿੰਪਲ ਯਾਦਵ ਨੇ ਅੱਜ ਕਿਹਾ ਕਿ ਮੌਲਵੀ ਵੱਲੋਂ ਉਨ੍ਹਾਂ ਖ਼ਿਲਾਫ਼ ਕੀਤੀ ਗਈ ਇਤਰਾਜ਼ਯੋਗ ਟਿੱਪਣੀ ’ਤੇ ਐੱਨਡੀਏ ਦਾ ਰੋਸ ਵੱਧ ਸਾਰਥਕ ਹੁੰਦਾ ਜੇ ਮਨੀਪੁਰ ’ਚ ਹੋਈ ਹਿੰਸਾ ਜਿਹੀਆਂ ਘਟਨਾਵਾਂ ਦੌਰਾਨ ਵੀ ਅਜਿਹੀ ਹੀ ਇਕਜੁੱਟਤਾ ਦਿਖਾਈ ਜਾਂਦੀ। ਮੌਲਵੀ ਮੌਲਾਨਾ ਸਾਜਿਦ ਰਾਸ਼ਿਦੀ ਨੇ ਕਥਿਤ ਤੌਰ ’ਤੇ ਡਿੰਪਲ ਯਾਦਵ ਬਾਰੇ ਟਿੱਪਣੀ ਕੀਤੀ ਸੀ, ਜੋ ਮਸਜਿਦ ’ਚ ਮੀਟਿੰਗ ਦੌਰਾਨ ਸਾੜੀ ਪਹਿਨੇ ਬੈਠੀ ਹੋਈ ਸੀ ਅਤੇ ਉਨ੍ਹਾਂ ਦੀ ਤੁਲਨਾ ਸਮਾਜਵਾਦੀ ਪਾਰਟੀ ਦੀ ਇੱਕ ਹੋਰ ਮਹਿਲਾ ਸੰਸਦ ਮੈਂਬਰ ਇਕਰਾ ਹਸਨ ਨਾਲ ਕੀਤੀ, ਜਿਨ੍ਹਾਂ ਆਪਣਾ ਸਿਰ ਢਕਿਆ ਹੋਇਆ ਸੀ। ਇਸ ਟਿੱਪਣੀ ਦੀ ਸੋਸ਼ਲ ਮੀਡੀਆ ਤੇ ਸਿਆਸੀ ਹਲਕਿਆਂ ’ਚ ਵੱਡੇ ਪੱਧਰ ਨਿੰਦਾ ਹੋਈ ਹੈ ਤੇ ਨਿੰਦਾ ਕਰਨ ਵਾਲੇ ਆਗੂਆਂ ’ਚ ਭਾਜਪਾ ਦੀ ਬਾਂਸੁਰੀ ਸਵਰਾਜ ਤੇ ਕਾਂਗਰਸ ਦੀ ਰੇਣੁਕਾ ਚੌਧਰੀ ਵੀ ਸ਼ਾਮਲ ਹਨ। ਐੱਨਡੀਏ ਦੇ ਸੰਸਦ ਮੈਂਬਰਾਂ ਨੇ ਇਸ ਦੇ ਰੋਸ ਵਜੋਂ ਸੰਸਦ ਦੇ ਬਾਹਰ ਧਰਨਾ ਵੀ ਦਿੱਤਾ। ਯਾਦਵ ਨੇ ਕਿਹਾ, ‘ਇਹ ਚੰਗੀ ਗੱਲ ਹੈ ਕਿ ਹੁਣ ਕਾਰਵਾਈ ਹੋ ਰਹੀ ਹੈ ਪਰ ਬਿਹਤਰ ਹੁੰਦਾ ਜੇ ਮਨੀਪੁਰ ਜਿਹੀਆਂ ਘਟਨਾਵਾਂ ਦੇ ਸੋਸ਼ਲ ਮੀਡੀਆ ਰਾਹੀਂ ਸਾਹਮਣੇ ਆਉਣ ’ਤੇ ਵੀ ਵਿਰੋਧ ਤੇ ਹਮਾਇਤ ਦਿਖਾਈ ਦਿੰਦੀ। ਜੇ ਉਸ ਸਮੇਂ ਲੋਕ ਅਪਰੇਸ਼ਨ ਸਿੰਧੂਰ ਦੇ ਮੁੱਦੇ ’ਤੇ ਅੱਜ ਦੀ ਤਰ੍ਹਾਂ ਇਕਜੁੱਟ ਹੁੰਦੇ ਤਾਂ ਇਹ ਸੱਚੀ ਫਿਕਰਮੰਦੀ ਦਾ ਸੰਕੇਤ ਹੁੰਦਾ।’
ਡਿੰਪਲ ਯਾਦਵ ਬਾਰੇ ਟਿੱਪਣੀ ਕਰਨ ਵਾਲੇ ਮੌਲਵੀ ਖ਼ਿਲਾਫ਼ ਕੇਸ ਦਰਜ
ਲਖਨਊ: ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਡਿੰਪਲ ਯਾਦਵ ਖ਼ਿਲਾਫ਼ ਟੈਲੀਵਿਜ਼ਨ ਬਹਿਸ ਦੌਰਾਨ ਇਤਰਾਜ਼ਯੋਗ ਤੇ ਭੜਕਾਊ ਟਿੱਪਣੀ ਕਰਨ ਦੇ ਦੋਸ਼ ਹੇਠ ਮੌਲਵੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਮੌਲਾਨਾ ਸਾਜਿਦ ਰਾਸ਼ਿਦੀ ਖ਼ਿਲਾਫ਼ ਸਥਾਨਕ ਵਸਨੀਕ ਪ੍ਰਵੇਸ਼ ਯਾਦਵ ਦੀ ਸ਼ਿਕਾਇਤ ’ਤੇ ਲੰਘੀ ਸ਼ਾਮ ਵਿਭੂਤੀ ਖੰਡ ਥਾਣੇ ’ਚ ਕੇਸ ਦਰਜ ਕੀਤਾ ਗਿਆ ਹੈ। ਐੱਫਆਈਆਰ ਅਨੁਸਾਰ ਸ਼ਿਕਾਇਤ ’ਚ ਰਾਸ਼ਿਦੀ ’ਤੇ ਦੋਸ਼ ਲਾਇਆ ਗਿਆ ਹੈ ਕਿ ਉਨ੍ਹਾਂ ਅਜਿਹੇ ਬਿਆਨ ਦਿੱਤੇ ਜੋ ਨਾ ਸਿਰਫ਼ ਇਤਰਾਜ਼ਯੋਗ ਤੇ ਮਹਿਲਾ ਵਿਰੋਧੀ ਸਨ ਬਲਕਿ ਭੜਕਾਹਟ ਪੈਦਾ ਕਰਨ ਵਾਲੇ ਵੀ ਸਨ ਤੇ ਇਨ੍ਹਾਂ ਦਾ ਮਕਸਦ ਧਾਰਮਿਕ ਤੇ ਫਿਰਕੂ ਤਣਾਅ ਫੈਲਾਉਣਾ ਸੀ। ਯਾਦਵ ਨੇ ਦੋਸ਼ ਲਾਇਆ ਕਿ ਸੋਸ਼ਲ ਮੀਡੀਆ ਤੇ ਕੌਮੀ ਟੈਲੀਵਿਜ਼ਨ ’ਤੇ ਜਨਤਕ ਤੌਰ ’ਤੇ ਰਾਸ਼ਿਦੀ ਵੱਲੋਂ ਦਿੱਤਾ ਗਿਆ ਬਿਆਨ ‘ਇੱਕ ਮਹਿਲਾ ਦਾ ਅਪਮਾਨ’ ਹੈ। -ਪੀਟੀਆਈ