ਇਜ਼ਰਾਇਲੀ ਫੌਜ ਵੱਲੋਂ ਗਾਜ਼ਾ ਵਿੱਚ ਹਮਲੇ ਤੇਜ਼, 13 ਹਲਾਕ
ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਅੱਜ ਜਦੋਂ ਇਜ਼ਰਾਈਲ ਪਹੁੰਚ ਗਏ ਤਾਂ ਇਜ਼ਰਾਇਲੀ ਫੌਜ ਨੇ ਉੱਤਰੀ ਗਾਜ਼ਾ ਵਿੱਚ ਹਮਲੇ ਤੇਜ਼ ਕਰ ਦਿੱਤੇ। ਇਸ ਦੌਰਾਨ ਇੱਕ ਹਮਲੇ ਵਿੱਚ ਉੱਚੀ ਇਮਾਰਤ ਢਹਿ ਗਈ ਅਤੇ ਘੱਟੋ-ਘੱਟ 13 ਫਲਸਤੀਨੀ ਮਾਰੇ ਗਏ। ਰੂਬੀਓ ਨੇ ਦੌਰੇ ਤੋਂ ਪਹਿਲਾਂ ਕਿਹਾ ਕਿ ਉਹ ਪਿਛਲੇ ਹਫ਼ਤੇ ਕਤਰ ਵਿੱਚ ਹਮਾਸ ਆਗੂਆਂ ’ਤੇ ਕੀਤੇ ਗਏ ਹਮਲੇ ਮਗਰੋਂ ਗਾਜ਼ਾ ਬਾਰੇ ਇਜ਼ਰਾਈਲ ਦੀ ਭਵਿੱਖੀ ਯੋਜਨਾ ਸਬੰਧੀ ਜਾਣਕਾਰੀ ਹਾਸਲ ਕਰਨਗੇ।
ਇਜ਼ਰਾਈਲ ਵੱਲੋਂ ਕਤਰ ਵਿੱਚ ਕੀਤੇ ਹਮਲੇ ਕਾਰਨ ਜੰਗ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਨੂੰ ਝਟਕਾ ਲੱਗਿਆ ਹੈ। ਅਜਿਹੇ ਵਿੱਚ ਰੂਬੀਓ ਦਾ ਦੋ ਰੋਜ਼ਾ ਦੌਰਾ ਸੰਯੁਕਤ ਰਾਸ਼ਟਰ ਵਿੱਚ ਫਲਸਤੀਨ ਦੇ ਮੁੱਦੇ ’ਤੇ ਅਲੱਗ-ਥਲੱਗ ਪੈ ਰਹੇ ਇਜ਼ਰਾਈਲ ਪ੍ਰਤੀ ਸਮਰਥਨ ਦਾ ਵੀ ਪ੍ਰਦਰਸ਼ਨ ਹੈ। ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਫਲਸਤੀਨ ਮੁਲਕ ਵਜੋਂ ਮਾਨਤਾ ਦੇਣ ਦਾ ਸਖ਼ਤ ਵਿਰੋਧ ਕਰ ਰਹੇ ਹਨ। ਦੋਹਾ ਵਿੱਚ ਹਮਾਸ ਆਗੂਆਂ ’ਤੇ ਇਜ਼ਰਾਇਲੀ ਹਮਲੇ ਕਾਰਨ ਰਾਸ਼ਟਰਪਤੀ ਡੋਨਲਡ ਟਰੰਪ ਨੇ ਨੇਤਨਯਾਹੂ ਪ੍ਰਤੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਇਸ ਦੇ ਬਾਵਜੂਦ ਰੂਬੀਓ ਇਸ ਦੇਸ਼ ਦੀ ਯਾਤਰਾ ’ਤੇ ਹਨ। ਟਰੰਪ ਦਾ ਕਹਿਣਾ ਹੈ ਕਿ ਇਸ ਹਮਲੇ ਬਾਰੇ ਅਮਰੀਕਾ ਨੂੰ ਪਹਿਲਾਂ ਸੂਚਿਤ ਨਹੀਂ ਕੀਤਾ ਗਿਆ ਸੀ। ਰੂਬੀਓ ਅਤੇ ਟਰੰਪ ਨੇ ਸ਼ੁੱਕਰਵਾਰ ਨੂੰ ਕਤਰ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰ ਕੇ ਇਜ਼ਰਾਇਲ ਦੀ ਇਸ ਕਾਰਵਾਈ ਦੇ ਨਤੀਜੇ ਬਾਰੇ ਚਰਚਾ ਕੀਤੀ ਸੀ।