Isha Foundation ਈਸ਼ਾ ਫਾਊਂਡੇਸ਼ਨ ਨੋਟਿਸ ਮਾਮਲਾ: ਦੋ ਸਾਲਾਂ ਬਾਅਦ ਪਟੀਸ਼ਨ ਦਾਇਰ ਕਰਨ ਲਈ ਪੀਸੀਬੀ ਦੀ ਖਿਚਾਈ
ਨਵੀਂ ਦਿੱਲੀ, 14 ਫਰਵਰੀ
ਸੁਪਰੀਮ ਕੋਰਟ ਨੇ 2006 ਤੋਂ 2014 ਦਰਮਿਆਨ ਈਸ਼ਾ ਫਾਊਂਡੇਸ਼ਨ ਵੱਲੋਂ ਵੱਖ-ਵੱਖ ਇਮਾਰਤਾਂ ਦੀ ਉਸਾਰੀ ਕਰਨ ਦੇ ਕਾਰਨ ਦੱਸੋ ਨੋਟਿਸ ਨੂੰ ਰੱਦ ਕਰਨ ਦੇ ਮਦਰਾਸ ਹਾਈ ਕੋਰਟ ਦੇ ਹੁਕਮਾਂ ਵਿਰੁੱਧ ਦੋ ਸਾਲਾਂ ਬਾਅਦ ਸੰਪਰਕ ਕਰਨ ਲਈ ਸ਼ੁੱਕਰਵਾਰ ਨੂੰ ਤਾਮਿਲਨਾਡੂ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਖਿਚਾਈ ਕੀਤੀ। ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਐੱਨ ਕੋਟੀਸ਼ਵਰ ਸਿੰਘ ਦੀ ਬੈਂਚ ਨੇ ਤਾਮਿਲਨਾਡੂ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਦਾਇਰ ਪਟੀਸ਼ਨ ਨੂੰ ਨੌਕਰਸ਼ਾਹਾਂ ਦੁਆਰਾ "ਦੋਸਤਾਨਾ ਮੈਚ" ਕਰਾਰ ਦਿੱਤਾ।
ਸਿਖਰਲੀ ਅਦਾਲਤ ਨੇ ਐਡਵੋਕੇਟ ਜਨਰਲ ਪੀਐਸ ਰਮਨ ਨੂੰ ਕਿਹਾ ਕਿ ਹੁਣ ਜਦੋਂ ਈਸ਼ਾ ਫਾਊਂਡੇਸ਼ਨ ਨੇ ਕੋਇੰਬਟੂਰ ਜ਼ਿਲ੍ਹੇ ਦੇ ਵੇਲੀਅਨਗਿਰੀ ਵਿੱਚ ਇੱਕ ਯੋਗਾ ਅਤੇ ਧਿਆਨ ਕੇਂਦਰ ਦਾ ਨਿਰਮਾਣ ਕੀਤਾ ਹੈ ਤਾਂ ਰਾਜ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਵਾਤਾਵਰਣ ਨਿਯਮਾਂ ਦੀ ਪਾਲਣਾ ਹੋਵੇ। ਈਸ਼ਾ ਫਾਊਂਡੇਸ਼ਨ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਸਿਖਰਲੀ ਅਦਾਲਤ ਨੂੰ ਇਸ ਮਾਮਲੇ ਦੀ ਸੁਣਵਾਈ ਸ਼ਿਵਰਾਤਰੀ ਤੋਂ ਬਾਅਦ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਕ ਵੱਡਾ ਸਮਾਗਮ ਹੋਣਾ ਤੈਅ ਕੀਤਾ ਗਿਆ ਸੀ। ਬੈਂਚ ਨੇ ਮਾਮਲੇ ਦੀ ਸੁਣਵਾਈ ਸ਼ਿਵਰਾਤਰੀ ਤੋਂ ਬਾਅਦ ਲਈ ਰੱਖੀ ਹੈ।
ਕਾਰਨ ਦੱਸੋ ਨੋਟਿਸ ਵਿੱਚ ਦਲੀਲ ਦਿੱਤੀ ਗਈ ਸੀ ਕਿ ਫਾਊਂਡੇਸ਼ਨ ਨੇ ਪਹਿਲਾਂ ਵਾਤਾਵਰਨ ਮਨਜ਼ੂਰੀ ਲਏ ਬਿਨਾਂ ਵੇਲੀਅਨਗਿਰੀ ਦੇ ਹੇਠਾਂ ਇਮਾਰਤਾਂ ਦਾ ਨਿਰਮਾਣ ਕੀਤਾ ਸੀ। ਕੇਂਦਰ ਸਰਕਾਰ ਨੇ ਪਹਿਲਾਂ ਹਾਈ ਕੋਰਟ ਨੂੰ ਸੂਚਿਤ ਕੀਤਾ ਸੀ ਕਿ ਫਾਊਂਡੇਸ਼ਨ ਸਕੂਲ ਚਲਾਉਣ ਤੋਂ ਇਲਾਵਾ ਯੋਗਾ ਦੇ ਪਾਠ ਪੜ੍ਹਾ ਰਹੀ ਹੈ। ਇਸ ਲਈ ਇਹ ‘ਸਿੱਖਿਆ’ ਦੇ ਦਾਇਰੇ ਵਿੱਚ ਆ ਜਾਵੇਗਾ। -ਪੀਟੀਆਈ