ਕੀ ਭਾਰਤ ਸੱਚਮੁੱਚ ਆਜ਼ਾਦ ਹੈ: ਗੀਤਾਂਜਲੀ ਅੰਗਮੋ
ਲੱਦਾਖ ਦੀ ਮੌਜੂਦਾ ਸਥਿਤੀ ਦੀ ਤੁਲਨਾ ਬਰਤਾਨਵੀ ਭਾਰਤ ਦੇ ਸਮੇਂ ਨਾਲ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲਾ ਲੱਦਾਖ ਪੁਲੀਸ ਦੀ ‘ਦੁਰਵਰਤੋਂ’ ਕਰ ਰਿਹਾ ਹੈ।
ਗੀਤਾਂਜਲੀ ਨੇ X ’ਤੇ ਲਿਖਿਆ, ‘‘ਕੀ ਭਾਰਤ ਸੱਚਮੁੱਚ ਆਜ਼ਾਦ ਹੈ? 1857 ਵਿੱਚ 24,000 ਅੰਗਰੇਜ਼ਾਂ ਨੇ ਰਾਣੀ ਦੇ ਹੁਕਮਾਂ ’ਤੇ 30 ਕਰੋੜ ਭਾਰਤੀਆਂ ’ਤੇ ਜ਼ੁਲਮ ਕਰਨ ਲਈ 1,35,000 ਭਾਰਤੀ ਸਿਪਾਹੀਆਂ ਦੀ ਵਰਤੋਂ ਕੀਤੀ। ਅੱਜ ਇੱਕ ਦਰਜਨ ਪ੍ਰਸ਼ਾਸਕ MHA ਦੇ ਹੁਕਮਾਂ ’ਤੇ ਤਿੰਨ ਲੱਖ ਲੱਦਾਖੀਆਂ ’ਤੇ ਜ਼ੁਲਮ ਅਤੇ ਤਸ਼ੱਦਦ ਕਰਨ ਲਈ 2,400 ਲੱਦਾਖੀ ਪੁਲੀਸ ਦੀ ਦੁਰਵਰਤੋਂ ਕਰ ਰਹੇ ਹਨ।’’
ਅੰਗਮੋ ਵੱਲੋਂ MHA ਅਤੇ ਪੁਲੀਸ ਦੀ ਕੀਤੀ ਗਈ ਇਹ ਆਲੋਚਨਾ ਲੇਹ ਵਿੱਚ ਕਰਫਿਊ ਅਤੇ 24 ਸਤੰਬਰ ਨੂੰ ਹੋਈ ਹਿੰਸਾ ਦੇ ਜਵਾਬ ਵਜੋਂ ਪੁਲੀਸ ਗੋਲੀਬਾਰੀ ਦਰਮਿਆਨ ਆਈ ਹੈ। ਸੋਨਮ ਵਾਂਗਚੁਕ ਨੂੰ ਰਾਸ਼ਟਰੀ ਸੁਰੱਖਿਆ ਐਕਟ (NSA) ਅਧੀਨ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ, ਗੀਤਾਂਜਲੀ ਅੰਗਮੋ ਨੇ ਵਾਂਗਚੁਕ ਦੇ ਇੱਕ ਪਾਕਿਸਤਾਨੀ ਖੁਫੀਆ ਕਾਰਜਕਾਰੀ ਨਾਲ ਸੰਪਰਕ ਵਿੱਚ ਹੋਣ ਦੇ ਦੋਸ਼ਾਂ ਦਾ ਖੰਡਨ ਕੀਤਾ ਹੈ ਅਤੇ ਲੱਦਾਖ ਪੁਲੀਸ ’ਤੇ ‘ਏਜੰਡਾ’ ਨਾਲ ਕੰਮ ਕਰਨ ਦਾ ਦੋਸ਼ ਲਗਾਇਆ ਹੈ।
ਗੀਤਾਂਜਲੀ ਨੇ ਦੋਸ਼ ਲਾਇਆ, ‘‘ਡੀਜੀਪੀ ਜੋ ਵੀ ਕਹਿ ਰਹੇ ਹਨ, ਉਨ੍ਹਾਂ ਦਾ ਇੱਕ ਏਜੰਡਾ ਹੈ। ਉਹ ਕਿਸੇ ਵੀ ਹਾਲਤ ਵਿੱਚ 6ਵੇਂ ਸ਼ਡਿਊਲ ਨੂੰ ਲਾਗੂ ਨਹੀਂ ਕਰਨਾ ਚਾਹੁੰਦੇ ਅਤੇ ਕਿਸੇ ਨੂੰ ਬਲੀ ਦਾ ਬੱਕਰਾ ਬਣਾਉਣਾ ਚਾਹੁੰਦੇ ਹਨ।’’
ਵਾਂਗਚੁੱਕ ਦੀ ਪਤਨੀ ਨੇ ਕਿਹਾ ਕਿ ਉਹ ਸੰਯੁਕਤ ਰਾਸ਼ਟਰ ਅਤੇ ਇੱਕ ਪਾਕਿਸਤਾਨੀ ਮੀਡੀਆ ਆਊਟਲੈਟ ਵੱਲੋਂ ਕਰਵਾਏ ਗਏ ਇੱਕ ਜਲਵਾਯੂ ਪਰਿਵਰਤਨ ਸੰਮੇਲਨ ਵਿੱਚ ਸ਼ਾਮਲ ਹੋਏ ਸਨ।
ਗੀਤਾਂਜਲੀ ਨੇ ਕਿਹਾ, ‘‘ਇਹ ਬਿਲਕੁਲ ਗਲਤ ਅਤੇ ਝੂਠਾ ਹੈ, ਅਸੀਂ ਇਸ ਦੀ ਪੂਰੀ ਤਰ੍ਹਾਂ ਨਿੰਦਾ ਕਰਦੇ ਹਾਂ। ਕਿਸੇ ਨੂੰ ਫਸਾਉਣ ਲਈ ਇੱਕ ਬਿਰਤਾਂਤ ਰਚਿਆ ਜਾ ਰਿਹਾ ਹੈ। ਜਦੋਂ ਯੂਟੀ ਸਰਕਾਰ ਚੀਨੀ ਗੋਲੀਆਂ ਖਰੀਦ ਰਹੀ ਸੀ, ਤਾਂ ਉਹ (ਵਾਂਗਚੁਕ) ਚੀਨ ਨਾਲ ਨਜਿੱਠਣ ਲਈ ਬੰਦੂਕਾਂ ਦੀ ਥਾਂ ਕਾਰੋਬਾਰ ਰਾਹੀਂ ਵਰਤਣ ਦੀ ਗੱਲ ਕਰ ਰਹੇ ਸੀ। ਅਜਿਹਾ ਵਿਅਕਤੀ ਰਾਸ਼ਟਰ ਵਿਰੋਧੀ ਕਿਵੇਂ ਹੋ ਸਕਦਾ ਹੈ?’’
ਉਨ੍ਹਾਂ ਕਿਹਾ, ‘‘ਫਰਵਰੀ ਵਿੱਚ ਅਸੀਂ ਸੰਯੁਕਤ ਰਾਸ਼ਟਰ ਅਤੇ ਡਾਨ ਮੀਡੀਆ ਵੱਲੋਂ ਜਲਵਾਯੂ ਤਬਦੀਲੀ ’ਤੇ ਕਰਵਾਏ ਇੱਕ ਸੰਮੇਲਨ ਵਿੱਚ ਗਏ ਸੀ। ਜੇਕਰ ਭਾਰਤ ਚੀਨ ਨਾਲ ਕ੍ਰਿਕਟ ਖੇਡਦਾ ਹੈ ਤਾਂ ਕੀ ਖਿਡਾਰੀ ਅਤੇ ਕ੍ਰਿਕਟ ਸੰਸਥਾਵਾਂ ਦੇਸ਼ ਵਿਰੋਧੀ ਹੋਣਗੀਆਂ? ਗਲੇਸ਼ੀਅਰਾਂ ’ਤੇ ਇੱਕ ਸੰਮੇਲਨ ਜੋ ਬੰਗਲਾਦੇਸ਼ ਤੋਂ ਅਫਗਾਨਿਸਤਾਨ ਤੱਕ ਸਾਰੇ ਦੇਸ਼ਾਂ ਨੂੰ ਪਾਣੀ ਮੁਹੱਈਆ ਕਰਵਾਉਂਦਾ ਹੈ... ਜੇਕਰ ਕੋਈ ਵਿਅਕਤੀ ਅਜਿਹੀ ਕਾਨਫਰੰਸ ਵਿੱਚ ਹਿੱਸਾ ਲੈਂਦਾ ਹੈ, ਤਾਂ ਕੀ ਉਹ ISI ਏਜੰਟ ਹੋਵੇਗਾ? ਇਸ ਦੇ ਪਿੱਛੇ ਕੀ ਸਬੂਤ ਹਨ? ਉਹ ਕਹਿ ਰਹੇ ਹਨ ਕਿ ਇੱਕ ਪਾਕਿਸਤਾਨੀ ਇੱਥੇ ਦਾਖਲ ਹੋਇਆ ਹੈ, ਇਸ ਲਈ MHA ਨੂੰ ਜਵਾਬ ਦੇਣਾ ਚਾਹੀਦਾ ਹੈ।’’
ਇਸ ਦੌਰਾਨ ਲੱਦਾਖ ਦੇ ਉਪ ਰਾਜਪਾਲ (LG) ਕਵਿੰਦਰ ਗੁਪਤਾ ਨੇ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਸਰਕਾਰ ‘ਲੱਦਾਖ ਦੀਆਂ ਸਾਰੀਆਂ ਉਮੀਦਾਂ ਨੂੰ ਪੂਰਾ ਕਰਨ’ ਲਈ ਕੰਮ ਕਰ ਰਹੀ ਹੈ ਅਤੇ ਉਮੀਦ ਪ੍ਰਗਟ ਕੀਤੀ ਕਿ ‘ਮਾਮਲਾ ਜਲਦੀ ਹੀ ਹੱਲ ਹੋ ਜਾਵੇਗਾ’।
ਉਨ੍ਹਾਂ ਕਿਹਾ, ‘‘ਉਹ (ਲੱਦਾਖ ਦੇ ਆਗੂ ਜੋ ਵਿਰੋਧ ਪ੍ਰਦਰਸ਼ਨਾਂ ਦਾ ਹਿੱਸਾ ਸਨ) ਪ੍ਰਸ਼ਾਸਨ ਨਾਲ ਗੱਲਬਾਤ ਕਰ ਰਹੇ ਹਨ ਅਤੇ ਮੌਜੂਦਾ ਘਟਨਾਵਾਂ ਨੂੰ ਦੇਖਦਿਆਂ ਅਸੀਂ ਬੈਠ ਕੇ ਚਰਚਾ ਕਰ ਸਕਦੇ ਹਾਂ। ਇੱਕ ਵਾਰ ਅਜਿਹਾ ਮਾਹੌਲ ਬਣ ਜਾਣ ’ਤੇ ਅਸੀਂ ਗੱਲਬਾਤ ਸ਼ੁਰੂ ਕਰਾਂਗੇ। ਪ੍ਰਸ਼ਾਸਨ ਨੇ ਲੋਕਾਂ ਦੇ ਹਿੱਤਾਂ ਦੀ ਨੁਮਾਇੰਦਗੀ ਕਰਨ ਦੀ ਕੋਸ਼ਿਸ਼ ਕੀਤੀ... ਮੈਂ ਪਿਛਲੇ ਦੋ ਮਹੀਨਿਆਂ ਤੋਂ ਇੱਥੇ ਹਾਂ ਅਤੇ ਮੈਂ ਕਿਸੇ ਵੀ ਮੀਟਿੰਗ ਨੂੰ ਨਹੀਂ ਠੁਕਰਾਇਆ ਹੈ। ਲੋਕ ਮੇਰੀ ਗੱਲ ਸੁਣਦੇ ਹਨ ਅਤੇ ਹੱਲ ਲਈ ਕੰਮ ਕਰਦੇ ਹਨ।’’