ਆਈ ਪੀ ਐੱਸ ਅਧਿਕਾਰੀ ਵਿਸ਼ੇਸ਼ ਡਾਇਰੈਕਟਰ ਜਨਰਲ ਤੇ ਵਿਸ਼ੇਸ਼ ਡਾਇਰੈਕਟਰ ਨਿਯੁਕਤ
ਹਿਮਾਚਲ ਪ੍ਰਦੇਸ਼ ਕੇਡਰ ਦੇ 1994 ਬੈਚ ਦੇ ਆਈ ਪੀ ਐੱਸ ਅਧਿਕਾਰੀ ਰਾਕੇਸ਼ ਅਗਰਵਾਲ ਅਤੇ ਉਨ੍ਹਾਂ ਦੇ ਹੀ ਬੈਚ ਦੇ ਐਗਮੁਟ ਕੇਡਰ ਦੇ ਅਨੁਰਾਗ ਕੁਮਾਰ ਸਣੇ 10 ਸੀਨੀਅਰ ਆਈ ਪੀ ਐੱਸ ਅਧਿਕਾਰੀਆਂ ਨੂੰ ਕੈਬਨਿਟ ਦੀ ਨਿਯੁਕਤੀ ਕਮੇਟੀ (ਏ ਸੀ ਸੀ) ਵੱਲੋਂ ਵੱਖ-ਵੱਖ ਕੇਂਦਰੀ ਹਥਿਆਰਬੰਦ ਪੁਲੀਸ ਬਲਾਂ ਅਤੇ ਖੁਫ਼ੀਆ ਸੇਵਾਵਾਂ ਵਿੱਚ ਵਿਸ਼ੇਸ਼ ਡਾਇਰੈਕਟਰ ਜਨਰਲ ਅਤੇ ਵਿਸ਼ੇਸ਼ ਡਾਇਰੈਕਟਰ ਵਜੋਂ ਨਿਯੁਕਤ ਕੀਤਾ ਗਿਆ ਹੈ। ਰਾਕੇਸ਼ ਅਗਰਵਾਲ, ਜੋ ਕਿ ਇਸ ਵੇਲੇ ਕੌਮੀ ਜਾਂਚ ਏਜੰਸੀ ਵਿੱਚ ਵਧੀਕ ਡਾਇਰੈਕਟਰ ਜਨਰਲ ਹਨ, ਨੂੰ ਦੋ ਸਾਲ ਦੇ ਕਾਰਜਕਾਲ ਲਈ ਅਸਥਾਈ ਤੌਰ ’ਤੇ ਤਰੱਕੀ ਦਿੰਦਿਆਂ ਐੱਨ ਆਈ ਏ ਵਿੱਚ ਹੀ ਵਿਸ਼ੇਸ਼ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ। ਅਨੁਰਾਗ ਕੁਮਾਰ ਜੋ ਕਿ ਇੰਟੈਲੀਜੈਂਸ ਬਿਊਰੋ (ਆਈ ਬੀ) ਵਿੱਚ ਵਧੀਕ ਡਾਇਰੈਕਟਰ ਹਨ, ਨੂੰ ਦੋ ਸਾਲ ਦੇ ਕਾਰਜਕਾਲ ਲਈ ਅਸਥਾਈ ਤੌਰ ’ਤੇ ਉਸੇ ਏਜੰਸੀ ਵਿੱਚ ਵਿਸ਼ੇਸ਼ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਇਨ੍ਹਾਂ ਦੋਹਾਂ ਤੋਂ ਇਲਾਵਾ, ਇਸੇ (1994) ਬੈਚ ਦੇ ਸੱਤ ਹੋਰ ਆਈ ਪੀ ਐੱਸ ਅਧਿਕਾਰੀਆਂ ਨੂੰ ਵੀ ਉੱਚੇ ਅਹੁਦਿਆਂ ’ਤੇ ਤਰੱਕੀ ਦਿੱਤੀ ਗਈ ਹੈ। ਜ਼ਕੀ ਅਹਿਮਦ ਨੂੰ ਸੀ ਆਰ ਪੀ ਐੱਫ ਵਿੱਚ ਵਿਸ਼ੇਸ਼ ਡਾਇਰੈਕਟਰ ਜਨਰਲ ਵਜੋਂ ਨਿਯੁਕਤ ਕੀਤਾ ਗਿਆ ਹੈ। 1994 ਬੈਚ ਦੇ ਸੱਤ ਹੋਰ ਆਈ ਪੀ ਐੱਸ ਅਧਿਕਾਰੀ ਜਿਨ੍ਹਾਂ ਨੂੰ ਤਰੱਕੀ ਦਿੱਤੀ ਗਈ ਹੈ, ਉਨ੍ਹਾਂ ਵਿੱਚ ਅਨੁਪਮਾ ਨੀਲੇਕਰ ਚੰਦਰਾ ਨੂੰ ਸਸ਼ਸਤਰ ਸੀਮਾ ਬਲ ਵਿੱਚ ਵਿਸ਼ੇਸ਼ ਡਾਇਰੈਕਟਰ ਜਨਰਲ ਬਣਾਇਆ ਗਿਆ ਹੈ।