‘‘ਡਰਾਉਣ-ਧਮਕਾਉਣ’ ਨਾਲ ਮੁਲਾਜ਼ਮਾਂ ਦੀ ਰਚਨਾਤਮਕ ਸੋਚ ’ਤੇ ਪੈਂਦਾ ਹੈ ਅਸਰ’
ਕੰਮ ਵਾਲੀ ਥਾਂ ’ਤੇ ‘ਡਰਾਉਣ-ਧਮਕਾਉਣ’ ਅਤੇ ਨਕਾਰਾਤਮਕ ਵਿਵਹਾਰ ਕਾਰਨ ਮੁਲਾਜ਼ਮਾਂ ਦੀ ਰਚਨਾਤਮਕ ਸੋਚ ’ਤੇ ਅਸਰ ਪੈਂਦਾ ਹੈ ਅਤੇ ਉਨ੍ਹਾਂ ਦੀ ਨਵੇਂ ਪ੍ਰਾਜੈਕਟਾਂ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ। ਭਾਰਤੀ ਪ੍ਰਬੰਧਨ ਸੰਸਥਾ (ਆਈਆਈਐੱਮ), ਲਖਨਊ ਦੇ ਇਕ ਅਧਿਐਨ ਵਿੱਚ ਇਹ ਗੱਲ ਕਹੀ ਗਈ ਹੈ। ਅਜਿਹੇ ਨਕਾਰਾਤਮਕ ਵਿਵਹਾਰ ਵਿੱਚ ਬਾਈਕਾਟ ਕਰਨਾ, ਅਪਮਾਨਿਤ ਕਰਨਾ ਜਾਂ ਅਣਉਚਿਤ ਵਰਤਾਰਾ ਸ਼ਾਮਲ ਹੈ। ਕਈ ਸੰਸਥਾਵਾਂ ਵਿੱਚ ਕਰਮਚਾਰੀ ਪ੍ਰਬੰਧਨ ਬਾਰੇ ਜਾਣਕਾਰੀ ਤੋਂ ਬਿਨਾ ਗੁਪਤ ਤੌਰ ’ਤੇ ਸਵੈ-ਪ੍ਰੇਰਿਤ ਵਿਚਾਰਾਂ ’ਤੇ ਕੰਮ ਕਰਦੇ ਹਨ ਅਤੇ ਜਦੋਂ ਉਹ ਕਾਰੋਬਾਰੀ ਸਫਲਤਾ ਲਈ ਤਿਆਰ ਹੋ ਜਾਂਦੇ ਹਨ, ਤਾਂ ਉਸ ਬਾਰੇ ਪ੍ਰਬੰਧਨ ਨੂੰ ਦੱਸਦੇ ਹਨ। ਅਧਿਕਾਰੀਆਂ ਮੁਤਾਬਕ, ਖੋਜੀਆਂ ਨੇ ਜ਼ਰੂਰੀ ਅੰਕੜੇ ਇਕੱਤਰ ਕਰਨ ਲਈ ਮਿਕਸਡ ਵਿਧੀ ਦਾ ਇਸਤੇਮਾਲ ਕੀਤਾ। ਖੋਜ ਤਹਿਤ 112 ਪ੍ਰਤੀਭਾਗੀਆਂ ਤੋਂ ਸੁਝਾਅ ਲਏ ਗਏ। ਆਈਆਈਐੱਮ ਲਖਨਊ ਦੇ ਪੀਐੱਚਡੀ ਸਕਾਲਰ ਰਿਸ਼ਭ ਚੌਹਾਨ ਨੇ ਦੱਸਿਆ, ‘‘ਸਾਡਾ ਅਧਿਐਨ ਦੱਸਦਾ ਹੈ ਕਿ ਕੰਮ ਵਾਲੀ ਥਾਂ ’ਤੇ ਹੋਣ ਵਾਲੇ ਦੁਰਵਿਵਹਾਰ ਕਿਵੇਂ ਚੁੱਪ-ਚੁਪੀਤੇ ਮੁਲਾਜ਼ਮਾਂ ਦੀ ਰਚਨਾਤਮਕ ਸਮਰੱਥਾ ਨੂੰ ਨਸ਼ਟ ਕਰ ਸਕਦੇ ਹਨ। ਸੰਸਥਾਵਾਂ ਨੂੰ ਅਜਿਹਾ ਵਾਤਾਵਰਨ ਬਣਾਉਣਾ ਚਾਹੀਦਾ ਹੈ ਜਿੱਥੇ ਨਵੀਨਤਾ ਨੂੰ ਰਫ਼ਤਾਰ ਦੇਣ ਲਈ ਸਮਰਥਨ, ਸਨਮਾਨ ਅਤੇ ਖੁੱਲ੍ਹਾ ਸੰਵਾਦ ਹੋਵੇ।’’ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਕੰਮ ਵਾਲੀ ਥਾਂ ’ਤੇ ‘ਡਰਾਉਣ-ਧਮਕਾਉਣ’ ਨਾਲ ਮੁਲਾਜ਼ਮਾਂ ਦੇ ਨਵੀਨਤਾ ਨਾਲ ਜੁੜੇ ਪ੍ਰਾਜੈਕਟਾਂ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ।