ਕੌਮਾਂਤਰੀ ਵਪਾਰ ਦਬਾਅ ਹੇਠ ਨਹੀਂ, ਸਵੈ-ਇੱਛਾ ਨਾਲ ਕਰਨਾ ਚਾਹੀਦੈ: ਭਾਗਵਤ
ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਨੇ ਅੱਜ ਸਵੈ-ਨਿਰਭਰਤਾ ਦੀ ਵਕਾਲਤ ਕਰਦਿਆਂ ਕਿਹਾ ਕਿ ਕੌਮਾਂਤਰੀ ਵਪਾਰ ਦਬਾਅ ਹੇਠ ਨਹੀਂ, ਸਵੈ-ਇੱਛਾ ਨਾਲ ਕੀਤਾ ਜਾਣਾ ਚਾਹੀਦਾ ਹੈ। ਆਰਐੱਸਐੱਸ ਦੇ ਸ਼ਤਾਬਦੀ ਵਰ੍ਹੇ ਮੌਕੇ ਇੱਥੇ ਭਾਸ਼ਣ ਲੜੀ ਨੂੰ ਸੰਬੋਧਨ ਕਰਦਿਆਂ ਭਾਗਵਤ ਨੇ ਕਿਹਾ ਕਿ ਸਵੈ-ਨਿਰਭਰਤਾ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ। ਉਨ੍ਹਾਂ ਸਵਦੇਸ਼ੀ ਉਤਪਾਦਾਂ ਨੂੰ ਤਰਜੀਹ ਦੇਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਭਾਗਵਤ ਨੇ ਕਿਹਾ, ‘ਸਵੈ-ਨਿਰਭਰ ਹੋਣ ਦਾ ਮਤਲਬ ਦਰਾਮਦ ਰੋਕਣਾ ਨਹੀਂ ਹੈ। ਦੁਨੀਆ ਅੱਗੇ ਵਧਦੀ ਹੈ ਕਿਉਂਕਿ ਇਹ ਇੱਕ-ਦੂਜੇ ’ਤੇ ਨਿਰਭਰ ਹੈ। ਇਸ ਲਈ ਦਰਾਮਦ-ਬਰਾਮਦ ਜਾਰੀ ਰਹੇਗਾ। ਹਾਲਾਂਕਿ ਇਸ ਵਿੱਚ ਕੋਈ ਦਬਾਅ ਨਹੀਂ ਹੋਣਾ ਚਾਹੀਦਾ।’
ਉਨ੍ਹਾਂ ਕਿਹਾ ਕਿ ਸਵਦੇਸ਼ੀ ਦਾ ਮਤਲਬ ਇਹ ਨਹੀਂ ਹੈ ਕਿ ਉਹ ਚੀਜ਼ਾਂ ਦਰਾਮਦ ਨਾ ਕੀਤੀਆਂ ਜਾਣ, ਜੋ ਦੇਸ਼ ਵਿੱਚ ਪਹਿਲਾਂ ਹੀ ਮੌਜੂਦ ਹਨ ਜਾਂ ਜਿਨ੍ਹਾਂ ਦਾ ਨਿਰਮਾਣ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ, ‘ਬਾਹਰੋਂ (ਵਿਦੇਸ਼ੀ) ਸਾਮਾਨ ਦਰਾਮਦ ਕਰਨ ਨਾਲ ਸਥਾਨਕ ਵਿਕਰੇਤਾਵਾਂ ਨੂੰ ਨੁਕਸਾਨ ਹੁੰਦਾ ਹੈ।’ ਭਾਗਵਤ ਦੀਆਂ ਇਹ ਟਿੱਪਣੀਆਂ ਉਸ ਦਿਨ ਆਈਆਂ ਹਨ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਰੂਸੀ ਤੇਲ ਖਰੀਦਣ ਲਈ ਭਾਰਤ ’ਤੇ ਲਾਇਆ ਗਿਆ 25 ਫੀਸਦ ਵਾਧੂ ਟੈਰਿਫ ਲਾਗੂ ਹੋ ਗਿਆ ਹੈ। ਉਨ੍ਹਾਂ ਕਿਹਾ, ‘ਜੋ ਵੀ ਤੁਹਾਡੇ ਦੇਸ਼ ਵਿੱਚ ਬਣਦਾ ਹੈ, ਉਸ ਨੂੰ ਬਾਹਰੋਂ ਦਰਾਮਦ ਕਰਨ ਦੀ ਕੋਈ ਲੋੜ ਨਹੀਂ ਹੈ। ਜੋ ਵੀ ਜੀਵਨ ਲਈ ਜ਼ਰੂਰੀ ਹੈ ਅਤੇ ਤੁਹਾਡੇ ਦੇਸ਼ ਵਿੱਚ ਨਹੀਂ ਬਣਦਾ, ਅਸੀਂ ਉਸ ਨੂੰ ਬਾਹਰੋਂ ਦਰਾਮਦ ਕਰਾਂਗੇ।’ ਭਾਗਵਤ ਨੇ ਕਿਹਾ, ‘ਦੇਸ਼ ਦੀ ਨੀਤੀ ਆਪਣੀ ਮਰਜ਼ੀ ਨਾਲ ਬਣਾਈ ਜਾਣੀ ਚਾਹੀਦੀ ਹੈ। ਕਿਸੇ ਦੇ ਦਬਾਅ ਹੇਠ ਨਹੀਂ ਆਉਣਾ ਚਾਹੀਦਾ। ਇਹ ਹੀ ਸਵਦੇਸ਼ੀ ਹੈ।’