ਬੁੱਧੀਜੀਵੀ ਅਤਿਵਾਦੀ ਗਰਾਉਂਡ ’ਤੇ ਕੰਮ ਕਰਨ ਵਾਲਿਆਂ ਨਾਲੋਂ ਵੱਧ ਖ਼ਤਰਨਾਕ: ਦਿੱਲੀ ਪੁਲੀਸ
ਦਿੱਲੀ ਪੁਲੀਸ ਨੇ ਸੁਪਰੀਮ ਕੋਰਟ ਵਿੱਚ ਫਰਵਰੀ 2020 ਦੇ ਦੰਗਿਆਂ ਦੇ ਮਾਮਲੇ ਵਿੱਚ ਕਾਰਕੁਨਾਂ ਉਮਰ ਖਾਲਿਦ, ਸ਼ਰਜੀਲ ਇਮਾਮ ਅਤੇ ਹੋਰਾਂ ਦੀਆਂ ਜ਼ਮਾਨਤ ਅਰਜ਼ੀਆਂ ਦਾ ਜ਼ੋਰਦਾਰ ਵਿਰੋਧ ਕਰਦਿਆਂ ਕਿਹਾ ਜਦੋਂ ਬੁੱਧੀਜੀਵੀ ਅਤਿਵਾਦੀ ਬਣ ਜਾਂਦੇ ਹਨ, ਤਾਂ ਉਹ ਜ਼ਮੀਨ 'ਤੇ ਕੰਮ ਕਰਨ ਵਾਲਿਆਂ ਨਾਲੋਂ ਜ਼ਿਆਦਾ ਖ਼ਤਰਨਾਕ ਹੋ ਜਾਂਦੇ ਹਨ।
ਪੁਲੀਸ ਨੇ ਕਿਹਾ ਕਿ ਹੁਣ ਡਾਕਟਰਾਂ ਅਤੇ ਇੰਜੀਨੀਅਰਾਂ ਦਾ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣਾ ਇੱਕ ਰੁਝਾਨ ਬਣ ਗਿਆ ਹੈ।
ਦਿੱਲੀ ਪੁਲਿਸ ਵੱਲੋਂ ਪੇਸ਼ ਹੋਏ ਐਡੀਸ਼ਨਲ ਸੌਲੀਸਿਟਰ ਜਨਰਲ ਐੱਸ ਵੀ ਰਾਜੂ ਨੇ ਜਸਟਿਸ ਅਰਵਿੰਦ ਕੁਮਾਰ ਅਤੇ ਜਸਟਿਸ ਐੱਨ.ਵੀ. ਅੰਜਾਰੀਆ ਦੇ ਬੈਂਚ ਨੂੰ ਦੱਸਿਆ ਕਿ ਮੁਕੱਦਮੇ ਵਿੱਚ ਦੇਰੀ ਦਾ ਕਾਰਨ ਮੁਲਜ਼ਮ ਹਨ ਹੈ ਅਤੇ ਉਹ ਇਸਦਾ ਫਾਇਦਾ ਨਹੀਂ ਉਠਾ ਸਕਦੇ।
ਰਾਜੂ ਨੇ ਸੁਪਰੀਮ ਕੋਰਟ ਵਿੱਚ ਨਾਗਰਿਕਤਾ ਸੋਧ ਐਕਟ (CAA) ਵਿਰੁੱਧ ਇਮਾਮ ਵੱਲੋਂ ਦਿੱਤੇ ਗਏ ਭੜਕਾਊ ਭਾਸ਼ਣਾਂ ਦੀਆਂ ਵੀਡੀਓਜ਼ ਦਿਖਾਈਆਂ।
ਵੀਡੀਓਜ਼ ਵਿੱਚ ਇਮਾਮ ਨੂੰ ਫਰਵਰੀ 2020 ਦੇ ਦੰਗਿਆਂ ਤੋਂ ਪਹਿਲਾਂ 2019 ਅਤੇ 2020 ਵਿੱਚ ਚਕਹੰਡ, ਜਾਮੀਆ, ਅਲੀਗੜ੍ਹ ਅਤੇ ਆਸਨਸੋਲ ਵਿਖੇ ਭਾਸ਼ਣ ਦਿੰਦੇ ਦਿਖਾਇਆ ਗਿਆ। ਇਹ ਦੱਸਦੇ ਹੋਏ ਕਿ ਇਮਾਮ ਇੱਕ ਇੰਜੀਨੀਅਰਿੰਗ ਗ੍ਰੈਜੂਏਟ ਹੈ, ਵਕੀਲ ਨੇ ਕਿਹਾ, "ਅੱਜਕੱਲ੍ਹ ਇੱਕ ਰੁਝਾਨ ਹੈ ਕਿ ਡਾਕਟਰ, ਇੰਜੀਨੀਅਰ ਆਪਣੇ ਪੇਸ਼ੇ ਨਹੀਂ ਕਰ ਰਹੇ ਪਰ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋ ਰਹੇ ਹਨ।"
ਰਾਜੂ ਨੇ ਅੱਗੇ ਕਿਹਾ, "ਇਹ ਕੋਈ ਸਾਧਾਰਨ ਵਿਰੋਧ ਪ੍ਰਦਰਸ਼ਨ ਨਹੀਂ ਹੈ। ਇਹ ਹਿੰਸਕ ਵਿਰੋਧ ਪ੍ਰਦਰਸ਼ਨ ਹਨ। ਉਹ ਨਾਕਾਬੰਦੀਆਂ ਦੀ ਗੱਲ ਕਰ ਰਹੇ ਹਨ।"
ਇਸ ਮੌਕੇ ਜਸਟਿਸ ਕੁਮਾਰ ਨੇ ਪੁੱਛਿਆ ਕਿ ਕੀ ਇਹ ਭਾਸ਼ਣ ਚਾਰਜਸ਼ੀਟ ਦਾ ਹਿੱਸਾ ਸਨ, ਜਿਸ 'ਤੇ ਰਾਜੂ ਨੇ ਹਾਂ ਵਿੱਚ ਜਵਾਬ ਦਿੱਤਾ।
ਏ ਐੱਸ ਜੀ ਨੇ ਕਿਹਾ ਕਿ ਅੰਤਰਰਾਸ਼ਟਰੀ ਮੀਡੀਆ ਕਵਰੇਜ ਹਾਸਲ ਕਰਨ ਲਈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਭਾਰਤ ਦੌਰੇ ਦੇ ਸਮੇਂ ਸੀਏਏ ਵਿਰੋਧ ਪ੍ਰਦਰਸ਼ਨ ਕੀਤੇ ਗਏ ਸਨ।
ਰਾਜੂ ਨੇ ਕਿਹਾ, ‘‘ਅੰਤਿਮ ਇਰਾਦਾ ਸੱਤਾ ਤਬਦੀਲੀ ਹੈ। ਸੀਏਏ ਵਿਰੋਧ ਪ੍ਰਦਰਸ਼ਨ ਇੱਕ ਧੋਖਾ ਸੀ, ਅਸਲ ਉਦੇਸ਼ ਸੱਤਾ ਤਬਦੀਲੀ ਕਰਨਾ, ਆਰਥਿਕ ਘਾਟ ਪੈਦਾ ਕਰਨਾ ਅਤੇ ਦੇਸ਼ ਭਰ ਵਿੱਚ ਅਫਰਾ-ਤਫਰੀ ਮਚਾਉਣਾ ਸੀ। ਦੰਗੇ ਜਾਣਬੁੱਝ ਕੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਫੇਰੀ ਨਾਲ ਮੇਲ ਖਾਂਦੇ ਕੀਤੇ ਗਏ ਸਨ। ਇਹ ਅਖੌਤੀ ਬੁੱਧੀਜੀਵੀ ਜ਼ਮੀਨੀ ਪੱਧਰ ਦੇ ਅਤਿਵਾਦੀਆਂ ਨਾਲੋਂ ਜ਼ਿਆਦਾ ਖ਼ਤਰਨਾਕ ਹਨ।’’
ਜ਼ਿਕਰਯੋਗ ਹੈ ਕਿ ਖਾਲਿਦ, ਇਮਾਮ, ਗੁਲਫਿਸ਼ਾ ਫਾਤਿਮਾ, ਮੀਰਾਂ ਹੈਦਰ ਅਤੇ ਰਹਿਮਾਨ ਨੂੰ ਸਖ਼ਤ ਅਤਿਵਾਦ ਵਿਰੋਧੀ ਕਾਨੂੰਨ ਯੂ ਏ ਪੀ ਏ (UAPA) ਅਤੇ ਪੁਰਾਣੇ ਆਈ ਪੀ ਸੀ ਦੀਆਂ ਧਾਰਾਵਾਂ ਤਹਿਤ 2020 ਦੇ ਦੰਗਿਆਂ ਦੇ ਮਾਸਟਰਮਾਈਂਡ ਹੋਣ ਦੇ ਦੋਸ਼ ਵਿੱਚ ਬੁੱਕ ਕੀਤਾ ਗਿਆ ਸੀ। ਇਨ੍ਹਾਂ ਦੰਗਿਆਂ ਵਿੱਚ 53 ਲੋਕਾਂ ਦੀ ਮੌਤ ਹੋ ਗਈ ਸੀ ਅਤੇ 700 ਤੋਂ ਵੱਧ ਜ਼ਖਮੀ ਹੋਏ ਸਨ।
ਇਹ ਹਿੰਸਾ ਨਾਗਰਿਕਤਾ (ਸੋਧ) ਐਕਟ (CAA) ਅਤੇ ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨਜ਼ (NRC) ਦੇ ਵਿਆਪਕ ਵਿਰੋਧ ਪ੍ਰਦਰਸ਼ਨਾਂ ਦੌਰਾਨ ਭੜਕੀ ਸੀ। -ਪੀਟੀਆਈ
