ਮੇਰੀ ਮਾਂ ਦਾ ਅਪਮਾਨ ਭਾਰਤ ਦੀ ਹਰੇਕ ਮਾਂ, ਧੀ ਤੇ ਭੈਣ ਦਾ ਨਿਰਾਦਰ: ਮੋਦੀ
ਬਿਹਾਰ ਵਿੱਚ ਅਗਾਮੀ ਅਸੈਂਬਲੀ ਚੋਣਾਂ ਦੇ ਮੱਦੇਨਜ਼ਰ ਰਾਸ਼ਟਰੀ ਜਨਤਾ ਦਲ (RJD) ਅਤੇ ਕਾਂਗਰਸ ਦੀਆਂ ਸਾਂਝੀਆਂ ਸਟੇਜਾਂ ਤੋਂ ਕੁਝ ਆਗੂਆਂ ਵੱਲੋਂ ਆਪਣੀ ਸਵਰਗੀ ਮਾਂ ਖਿਲਾਫ਼ ਕੀਤੀਆਂ ਗਈਆਂ ਹਾਲੀਆ ਗੈਰਵਾਜਬ ਟਿੱਪਣੀਆਂ ’ਤੇ ਚੁੱਪੀ ਤੋੜਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਮਾਂ ਦਾ ਅਪਮਾਨ ਭਾਰਤ ਦੀ ਹਰ ਮਾਂ, ਧੀ ਅਤੇ ਭੈਣ ਦਾ ਨਿਰਾਦਰ ਹੈ।
ਕਾਂਗਰਸ ਤੇ ਆਰਜੇਡੀ ਦੇ ਮੰਚ ਤੋਂ ਉਨ੍ਹਾਂ ਦੀ ਮਾਂ ਨੂੰ ਕੱਢੀਆਂ ਗਈਆਂ ਗਾਲ੍ਹਾਂ ਦੇ ਹਵਾਲੇ ਨਾਲ ਮੋਦੀ ਨੇ ਕਿਹਾ ਕਿ ਉਹ ਬਿਹਾਰ ਦੀਆਂ ਮਾਵਾਂ ਅਤੇ ਧੀਆਂ ਨਾਲ ਆਪਣਾ ਦਰਦ ਸਾਂਝਾ ਕਰ ਰਹੇ ਹਨ ਤਾਂ ਜੋ ਉਹ ਇਸ ਨੂੰ ਸਹਿ ਸਕਣ। ਉਨ੍ਹਾਂ ਬਿਹਾਰ ਵਿਚ ਰਾਜ ਜੀਵਿਕਾ ਨਿਧੀ ਸਾਖ ਸਹਿਕਾਰੀ ਸੰਘ ਲਿਮਟਿਡ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਲਾਂਚ ਕਰਦੇ ਹੋਏ ਕਿਹਾ, ‘‘ਮੈਂ ਜਾਣਦਾ ਹਾਂ ਕਿ ਬਿਹਾਰ ਦੀਆਂ ਮਾਵਾਂ, ਧੀਆਂ ਅਤੇ ਭੈਣਾਂ ਇਸ ਬੇਇੱਜ਼ਤੀ ਤੋਂ ਓਨੀਆਂ ਹੀ ਦੁਖੀ ਹਨ ਜਿੰਨਾ ਮੈਂ ਹਾਂ।’’ ਸ੍ਰੀ ਮੋਦੀ ਨੇ ਕਿਹਾ ਕਿ ਉਹ 50 ਸਾਲਾਂ ਤੋਂ ਵੱਧ ਸਮੇਂ ਤੋਂ ਸਮਾਜ ਅਤੇ ਦੇਸ਼ ਦੀ ਸੇਵਾ ਕਰ ਰਹੇ ਹਨ ਅਤੇ ਰਾਜਨੀਤੀ ਵਿੱਚ ਬਾਅਦ ਵਿੱਚ ਆਏ ਸਨ।
ਪ੍ਰਧਾਨ ਮੰਤਰੀ ਨੇ ਵਿਰੋਧੀ ਧਿਰ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ, ‘‘ਹਰ ਮਾਂ ਚਾਹੁੰਦੀ ਹੈ ਕਿ ਉਸ ਦਾ ਪੁੱਤਰ ਉਹਦੀ ਸੇਵਾ ਕਰੇ। ਪਰ ਮੇਰੀ ਮਾਂ ਨੇ ਮੈਨੂੰ ਸਾਰੇ ਪਿਤਾ-ਪੁਰਖੀ ਫਰਜ਼ਾਂ ਨੂੰ ਤਿਆਗਣ ਦੀ ਇਜਾਜ਼ਤ ਦਿੱਤੀ ਤਾਂ ਜੋ ਮੈਂ ਆਪਣਾ ਜੀਵਨ ਦੇਸ਼ ਦੀ ਸੇਵਾ ਲਈ ਸਮਰਪਿਤ ਕਰ ਸਕਾਂ। ਅਜਿਹੀ ਮਾਂ ਜਿਸ ਦਾ ਮੇਰੇ ਜੀਵਨ ਵਿੱਚ ਬਹੁਤ ਵੱਡਾ ਯੋਗਦਾਨ ਹੈ ਅਤੇ ਜਿਸ ਦਾ ਰਾਜਨੀਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਉਸ ’ਤੇ ਅਪਸ਼ਬਦਾਂ ਨਾਲ ਹਮਲਾ ਕੀਤਾ ਗਿਆ। ਮੈਂ ਦੇਖ ਸਕਦਾ ਹਾਂ ਕਿ ਤੁਹਾਨੂੰ ਇਸ ’ਤੇ ਕਿੰਨਾ ਦੁੱਖ ਹੋ ਰਿਹਾ ਹੈ। ਇਹ ਬਹੁਤ ਦੁਖਦਾਈ ਹੈ।’’ ਪ੍ਰਧਾਨ ਮੰਤਰੀ ਨੇ ਆਪਣੀ ਮਾਂ ਨੂੰ ਯਾਦ ਕੀਤਾ ਜੋ ਸੌ ਸਾਲ ਦੀ ਉਮਰ ਪੂਰੀ ਕਰਨ ਤੋਂ ਬਾਅਦ ਅਕਾਲ ਚਲਾਣਾ ਕਰ ਗਈ ਸੀ। ਉਨ੍ਹਾਂ ਕਿਹਾ ਕਿ ਬਿਹਾਰ ਦੀਆਂ ਔਰਤਾਂ ਉਸ ਦਰਦ ਨੂੰ ਮਹਿਸੂਸ ਕਰਨਗੀਆਂ ਜੋ ਉਨ੍ਹਾਂ ਨੇ ਵਿਰੋਧੀ ਧਿਰ ਵੱਲੋਂ ਗਾਲ੍ਹਾਂ ਕੱਢੇ ਜਾਣ ਮਗਰੋਂ ਮਹਿਸੂਸ ਕੀਤਾ ਸੀ।