ਆਲੋਚਨਾ ਦੀ ਥਾਂ ਸੰਕਟ ਸਮੇਂ ਲੋਕਾਂ ਦੀ ਮਦਦ ਕਰਨਾ ਜ਼ਰੂਰੀ: ਮਮਤਾ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਉੱਤਰੀ ਬੰਗਾਲ ਵਿੱਚ ਕੁਦਰਤੀ ਆਫ਼ਤਾਂ ਨਾਲ ਪ੍ਰਭਾਵਿਤ ਲੋਕਾਂ ਵਾਸਤੇ ਸੂਬੇ ਦੇ ਰਾਹਤ ਤੇ ਮੁੜ ਵਸੇਬੇ ਦੀਆਂ ਕੋਸ਼ਿਸ਼ਾਂ ਦੀ ਸਿਰਫ਼ ਆਲੋਚਨਾ ਕਰਨ ਦੀ ਬਜਾਏ ਸਾਰਿਆਂ ਨੂੰ ਸੰਕਟ ’ਚ ਘਿਰੇ ਲੋਕਾਂ ਦੇ ਨਾਲ ਖੜ੍ਹਾ ਹੋਣਾ ਚਾਹੀਦਾ ਹੈ। ਉਨ੍ਹਾਂ ਗੁਆਂਢੀ ਮੁਲਕ ਭੂਟਾਨ ਵੱਲੋਂ ਭਾਰੀ ਮੀਂਹ ਤੋਂ ਬਾਅਦ ਛੱਡੇ ਜਾਣ ਵਾਲੇ ਪਾਣੀ ਨੂੰ ਲੈ ਕੇ ਚੌਕਸ ਰਹਿਣ ਦੀ ਅਪੀਲ ਕੀਤੀ ਹੈ ਤਾਂ ਜੋ ਬੰਗਾਲ ਦੇ ਹੇਠਲੇ ਇਲਾਕਿਆਂ ਵਿੱਚ ਹੜ੍ਹਾਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਹ ਮਾਮਲਾ ਭੂਟਾਨ ਕੋਲ ਚੁੱਕਣਾ ਚਾਹੀਦਾ ਹੈ।
ਦਾਰਜੀਲਿੰਗ ਹਿੱਲਜ਼ ਵਿੱਚ ਇਕ ਪ੍ਰਸ਼ਾਸਨਿਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਬੈਨਰਜੀ ਨੇ ਕਿਹਾ ਕਿ ਸੂਬਾ ਸਰਕਾਰ ਜੰਗੀ ਪੱਧਰ ’ਤੇ ਪੁਨਰ-ਨਿਰਮਾਣ ਕਰ ਰਹੀ ਹੈ ਕਿਉਂਕਿ ਮਿਰਿਕ, ਕਾਲਿਮਪੌਂਗ ਦੇ ਕੁਝ ਹਿੱਸਿਆਂ, ਜਲਪਾਈਗੁੜੀ, ਅਲੀਪੁਰਦੁਆਰ ਅਤੇ ਹੋਰ ਇਲਾਕਿਆਂ ਵਿੱਚ ਕਈ ਮਕਾਨ, ਸਿਹਤ ਕੇਂਦਰ ਅਤੇ ਪ੍ਰਸ਼ਾਸਨਿਕ ਇਮਾਰਤਾਂ ਨੁਕਸਾਨੀਆਂ ਗਈਆਂ ਸਨ। ਉਨ੍ਹਾਂ ਕਿਹਾ, ‘‘ਸਿਰਫ਼ ਸੂਬੇ ਦੇ ਰਾਹਤ ਤੇ ਬਚਾਅ ਕਾਰਜਾਂ ਦੀ ਆਲੋਚਨਾ ਕਰਨ ਨਾਲ ਲੋਕਾਂ ਦੀਆਂ ਪ੍ਰੇਸ਼ਾਨੀਆਂ ਘੱਟ ਨਹੀਂ ਹੋਣਗੀਆਂ। ਸਾਨੂੰ ਪ੍ਰਭਾਵਿਤ ਲੋਕਾਂ ਦੇ ਨਾਲ ਖੜ੍ਹਾ ਹੋਣਾ ਚਾਹੀਦਾ ਹੈ ਅਤੇ ਮਦਦ ਕਰਨੀ ਚਾਹੀਦੀ ਹੈ।’’
ਉਨ੍ਹਾਂ ਕਿਹਾ, ‘‘ਮੈਂ ਹਰ ਵਾਰ ਹੜ੍ਹਾਂ ਨਾਲ ਨਜਿੱਠਣ ਲਈ ਆਪਣੇ ਆਰਥਿਕ ਸਰੋਤ ਇਸ ਤਰ੍ਹਾਂ ਪਾਣੀ ’ਚ ਰੋੜ੍ਹਨ ਲਈ ਤਿਆਰ ਨਹੀਂ ਹਾਂ। ਮੈਂ ਕੇਂਦਰ ਨੂੰ ਅਪੀਲ ਕਰਦੀ ਹਾਂ ਕਿ ਉਹ ਭੂਟਾਨ ਨੂੰ ਲੋੜੀਂਦੇ ਪ੍ਰਬੰਧ ਕਰਨ ਦੀ ਅਪੀਲ ਕਰੇ ਤਾਂ ਜੋ ਹਰ ਵਾਰ ਭੂਟਾਨ ਵੱਲੋਂ ਛੱਡੇ ਜਾਣ ਵਾਲੇ ਪਾਣੀ ਕਾਰਨ ਬੰਗਾਲ ਵਿੱਚ ਹੜ੍ਹ ਨਾ ਆਉਣ। ਇਸ ਸਮੱਸਿਆ ਦਾ ਹੱਲ ਲੱਭਣਾ ਹੋਵੇਗਾ ਅਤੇ ਮਾਹਿਰਾਂ ਦੀ ਮਦਦ ਨਾਲ ਇਸ ’ਤੇ ਵਿਚਾਰ ਕਰਨਾ ਹੋਵੇਗਾ।’’