ਇੰਸਟਾਗ੍ਰਾਮ ਨੇ ਨਾਬਾਲਗਾਂ ਦੀ ਭਲਾਈ ਲਈ ਕਦਮ ਚੁੱਕੇ
ਇੰਸਟਾਗ੍ਰਾਮ ’ਤੇ ਨਾਬਾਲਗਾਂ ਦੀ ਪਹੁੰਚ ਸਿਰਫ਼ ‘ਪੀਜੀ (ਪੇਰੈਂਟਲ ਗਾਈਡੈਂਸ)-13’ ਸਮੱਗਰੀ ਤੱਕ ਹੀ ਸੀਮਤ ਹੋਵੇਗੀ। ਮੈਟਾ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਬੱਚੇ ਮਾਪਿਆਂ ਦੀ ਇਜਾਜ਼ਤ ਤੋਂ ਬਿਨਾਂ ਆਪਣੀ ਸੋਸ਼ਲ ਮੀਡੀਆ ਸਾਈਟ ਦੀ ‘ਸੈਟਿੰਗ’ ਨਹੀਂ ਬਦਲ ਸਕਣਗੇ। ਪੀਜੀ-13 ਸਮੱਗਰੀ ਤੱਕ ਪਹੁੰਚ ਸੀਮਤ ਹੋਣ ਦਾ ਮਤਲਬ ਹੈ ਕਿ ਨਾਬਾਲਗ ਇੰਸਟਾਗ੍ਰਾਮ ’ਤੇ ਸਿਰਫ਼ ਅਜਿਹੀਆਂ ਤਸਵੀਰਾਂ ਅਤੇ ਵੀਡੀਓ ਦੇਖ ਸਕਣਗੇ ਜੋ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸਹੀ ਹਨ ਅਤੇ ਜਿਨ੍ਹਾਂ ’ਚ ਅਸ਼ਲੀਲ ਸਮੱਗਰੀ, ਨਸ਼ੀਲੇ ਪਦਾਰਥਾਂ ਦੇ ਸੇਵਨ, ਖ਼ਤਰਨਾਕ ਸਟੰਟ ਆਦਿ ਦਿਖਾਉਣ ਵਾਲੀ ਸਮੱਗਰੀ ਨਹੀਂ ਹੁੰਦੀ ਹੈ। ਮੈਟਾ ਨੇ ਬਲੌਗ ਪੋਸਟ ’ਚ ਕਿਹਾ, ‘‘ਸਖ਼ਤ ਭਾਸ਼ਾ, ਕੁਝ ਜੋਖਮ ਭਰੇ ਕਰਤੱਬ ਦਿਖਾਉਣ ਅਤੇ ਨੁਕਸਾਨ ਪਹੁੰਚਾਉਣ ਵਾਲੇ ਵਤੀਰਿਆਂ ਨੂੰ ਹੱਲਾਸ਼ੇਰੀ ਦੇਣ ਵਾਲੀ ਸਮੱਗਰੀ ਨੂੰ ਛੁਪਾਇਆ ਜਾਵੇਗਾ ਜਾਂ ਅਜਿਹੀਆਂ ਪੋਸਟਾਂ ਦੀ ਸਿਫ਼ਾਰਸ਼ ਨਹੀਂ ਕੀਤੀ ਜਾਵੇਗੀ।’’ ਇਸੰਟਾਗ੍ਰਾਮ ’ਤੇ 18 ਸਾਲ ਤੋਂ ਘੱਟ ਉਮਰ ਦੇ ਹਰ ਵਿਅਕਤੀ ਦੇ ਅਕਾਊਂਟ ਦੀ ਸੈਟਿੰਗ ਆਪਣੇ ਆਪ ਹੀ ਪਾਬੰਦੀਸ਼ੁਦਾ ਨਾਬਾਲਗ ਅਕਾਊਂਟ ਵਜੋਂ ਉਦੋਂ ਤੱਕ ਰਹੇਗੀ ਜਦੋਂ ਤੱਕ ਕਿ ਉਸ ਦੇ ਮਾਪੇ ਇਸ ਨੂੰ ਹਟਾਉਣ ਦੀ ਇਜਾਜ਼ਤ ਨਾ ਦੇ ਦੇਣ। ਬੱਚੇ ਸੋਸ਼ਲ ਮੀਡੀਆ ’ਤੇ ਖਾਤਾ ਖੋਲ੍ਹਣ ਸਮੇਂ ਆਪਣੀ ਉਮਰ ਬਾਰੇ ਅਕਸਰ ਝੂਠ ਬੋਲਦੇ ਹਨ ਅਤੇ ਮੈਟਾ ਨੇ ਅਜਿਹੇ ਖਾਤਿਆਂ ਦਾ ਪਤਾ ਲਗਾਉਣ ਲਈ ਮਸਨੂਈ ਬੌਧਿਕਤਾ (ਏ ਆਈ) ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ ਪਰ ਕੰਪਨੀ ਨੇ ਇਹ ਨਹੀਂ ਦੱਸਿਆ ਕਿ ਇਹ ਸਹੂਲਤ ਸ਼ੁਰੂ ਕਰਨ ਮਗਰੋਂ ਅਜਿਹੇ ਕਿੰਨੇ ਕੁ ਖਾਤਿਆਂ ਦਾ ਪਤਾ ਲੱਗਿਆ ਹੈ।