ਭਾਰਤ ਨਾਲ ਜੁੜੇ ਅਹਿਮ ਫੈਸਲਿਆਂ ਬਾਰੇ ਜਾਣਕਾਰੀ ਹੁਣ ਵ੍ਹਾਈਟ ਹਾਊਸ ਤੋਂ ਮਿਲਣ ਲੱਗੀ: ਕਾਂਗਰਸ
ਨਵੀਂ ਦਿੱਲੀ, 27 ਜੂਨ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਭਾਰਤ ਨਾਲ ਜਲਦੀ ਹੀ ਵਪਾਰਕ ਸਮਝੌਤਾ ਸਿਰੇ ਚੜ੍ਹਨ ਦੇ ਦਾਅਵੇ ਤੋਂ ਬਾਅਦ, ਕਾਂਗਰਸ ਨੇ ਸ਼ੁੱਕਰਵਾਰ ਨੂੰ ਮੋਦੀ ਸਰਕਾਰ ’ਤੇ ਤਨਜ਼ ਕੱਸਦਿਆਂ ਕਿਹਾ ਕਿ ਹੁਣ ਭਾਰਤ ਨਾਲ ਜੁੜੇ ਅਹਿਮ ਫੈਸਲਿਆਂ ਬਾਰੇ ਜਾਣਕਾਰੀ ਵ੍ਹਾਈਟ ਹਾਊਸ ਤੋਂ ਆ ਰਹੀ ਹੈ।
ਟਰੰਪ ਨੇ ਵੀਰਵਾਰ ਨੂੰ ਕਿਹਾ ਕਿ ਅਮਰੀਕਾ ਨੇ ਚੀਨ ਨਾਲ ਇੱਕ ਆਰਥਿਕ ਸਮਝੌਤੇ ’ਤੇ ਦਸਤਖਤ ਕੀਤੇ ਹਨ। ਅਮਰੀਕੀ ਸਦਰ ਨੇ ਸੰਕੇਤ ਦਿੱਤਾ ਹੈ ਕਿ ਭਾਰਤ ਨਾਲ ਇੱਕ ‘ਬਹੁਤ ਵੱਡਾ’ ਸਮਝੌਤਾ ਜਲਦੀ ਹੀ ਹੋਣ ਵਾਲਾ ਹੈ। ਇਸ ਬਾਰੇ ਭਾਰਤ ਸਰਕਾਰ ਵੱਲੋਂ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ।
ਇਹ ਵੀ ਪੜ੍ਹੋ: ਭਾਰਤ ਨਾਲ ਜਲਦੀ ‘ਬਹੁਤ ਵੱਡਾ’ ਵਪਾਰ ਸਮਝੌਤਾ ਹੋ ਰਿਹੈ: ਟਰੰਪ
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਰਾਸ਼ਟਰਪਤੀ ਟਰੰਪ ਨੇ 16 ਵਾਰ ਦੁਹਰਾਇਆ ਹੈ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਲਈ ਵਪਾਰ ਸਮਝੌਤੇ ਨੂੰ ਇੱਕ ਸਾਧਨ ਵਜੋਂ ਵਰਤਿਆ। ਹੁਣ ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਭਾਰਤ-ਅਮਰੀਕਾ ਵਪਾਰ ਸਮਝੌਤੇ ’ਤੇ ਕੁਝ ਦਿਨਾਂ ਵਿੱਚ ਦਸਤਖਤ ਹੋਣ ਜਾ ਰਹੇ ਹਨ।’’
ਉਨ੍ਹਾਂ ਕਿਹਾ, ‘‘ਉਹ(ਟਰੰਪ) ਇਸ ਨੂੰ ‘ਬਹੁਤ ਵੱਡਾ ਸੌਦਾ’ ਕਹਿ ਰਹੇ ਹਨ। ਉਮੀਦ ਹੈ ਕਿ ਇਹ ਸੱਚਮੁੱਚ ਇੱਕ ਵੱਡਾ ਸੌਦਾ ਹੈ, ਕਿਉਂਕਿ ਇਸੇ ਕਰਕੇ ‘Operation Sindoor’ ਅਚਾਨਕ ਰੱਦ ਕਰ ਦਿੱਤਾ ਗਿਆ ਸੀ।’’ ਕਾਂਗਰਸ ਜਨਰਲ ਸਕੱਤਰ ਨੇ ਤਨਜ਼ ਕਸਦਿਆਂ ਕਿਹਾ ਕਿ ਜਿਵੇਂ ਕਿ ਹੁਣ ਸਪੱਸ਼ਟ ਹੋ ਰਿਹਾ ਹੈ, ਭਾਰਤ ਨਾਲ ਸਬੰਧਤ ਬਹੁਤ ਅਹਿਮ ਫੈਸਲਿਆਂ ਬਾਰੇ ਜਾਣਕਾਰੀ ਵਾਸ਼ਿੰਗਟਨ ਡੀਸੀ ਦੇ ਵ੍ਹਾਈਟ ਹਾਊਸ ਤੋਂ ਵੀ ਆ ਰਹੀ ਹੈ। -ਪੀਟੀਆਈ