ਜੰਮੂ ਕਸ਼ਮੀਰ ਦੇ ਪੁਣਛ ਵਿਚ ਫੌਜ ਵੱਲੋਂ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਦੋ ਦਹਿਸ਼ਤਗਰਦ ਹਲਾਕ
ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਫੌਜ ਦੇ ਜਵਾਨਾਂ ਨੇ ਕੰਟਰੋਲ ਰੇਖਾ ਦੇ ਨਾਲ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਮੁਕਾਬਲੇ ਦੌਰਾਨ ਲਸ਼ਕਰ-ਏ-ਤੋਇਬਾ ਦੇ ਦੋ ਮਸ਼ਕੂਕ ਦਹਿਸ਼ਤਗਰਦ ਮਾਰੇ ਗਏ। ਇਹ ਸੱਜਰਾ ਮੁਕਾਬਲਾ ਸੁਰੱਖਿਆ ਬਲਾਂ ਵੱਲੋਂ ਸ੍ਰੀਨਗਰ ਦੇ ਇੱਕ ਜੰਗਲ ਵਿੱਚ ਪਹਿਲਗਾਮ ਦਹਿਸ਼ਤੀ ਹਮਲੇ ਵਿੱਚ ਸ਼ਾਮਲ ਤਿੰਨ ਦਹਿਸ਼ਤਗਰਦਾਂ ਨੂੰ ਮਾਰ ਮੁਕਾਉਣ ਤੋਂ ਦੋ ਦਿਨ ਬਾਅਦ ਹੋਇਆ ਹੈ।
ਫੌਜ ਨੇ ਕਿਹਾ ਕਿ ‘ਸ਼ਿਵਸ਼ਕਤੀ’ ਨਾਂ ਦੇ ਕੋਡ ਆਪ੍ਰੇਸ਼ਨ ਦੌਰਾਨ ਮੰਗਲਵਾਰ ਤੇ ਬੁੱਧਵਾਰ ਦੀ ਦਰਮਿਆਨੀ ਰਾਤ ਪੁਣਛ ਵਿੱਚ ਮਾਰੇ ਗਏ ਦੋ ਅਤਿਵਾਦੀ ਸਰਹੱਦ ਪਾਰ ਤੋਂ ਇਸ ਪਾਸੇ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਫੌਜ ਦੀ ਜੰਮੂ-ਅਧਾਰਤ ਵ੍ਹਾਈਟ ਨਾਈਟ ਕੋਰ ਨੇ X ’ਤੇ ਇੱਕ ਪੋਸਟ ਵਿੱਚ ਕਿਹਾ, ‘‘ਘੁਸਪੈਠ ਵਿਰੋਧੀ ਇਕ ਸਫ਼ਲ ਕਾਰਵਾਈ ਵਿੱਚ, ਭਾਰਤੀ ਫੌਜ ਦੇ ਚੌਕਸ ਜਵਾਨਾਂ ਨੇ ਕੰਟਰੋਲ ਰੇਖਾ ਪਾਰ ਕਰਕੇ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਦੋ ਦਹਿਸ਼ਤਗਰਦਾਂ ਨੂੰ ਖਤਮ ਕਰ ਦਿੱਤਾ। ਤੇਜ਼ ਤੇ ਸਟੀਕ ਕਾਰਵਾਈ ਨੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ। ਤਿੰਨ ਹਥਿਆਰ ਬਰਾਮਦ ਕੀਤੇ ਗਏ ਹਨ।’’
ਫੌਜ ਨੇ ਇਸ ਤੋਂ ਪਹਿਲਾਂ ਇੱਕ ਹੋਰ ਪੋਸਟ ਵਿੱਚ ਕਿਹਾ ਸੀ ਕਿ ਪੁਣਛ ਸੈਕਟਰ ਦੇ ਜਨਰਲ ਖੇਤਰ ਵਿੱਚ ਵਾੜ ਦੇ ਨਾਲ ਭਾਰਤੀ ਫੌਜੀਆਂ ਨੇ ਦੋ ਵਿਅਕਤੀਆਂ ਦੀ ਸ਼ੱਕੀ ਸਰਗਰਮੀ ਦੇਖੀ, ਜਿਸ ਕਾਰਨ ਗੋਲੀਬਾਰੀ ਹੋਈ। ਅਧਿਕਾਰੀਆਂ ਨੇ ਕਿਹਾ ਕਿ ਲਸ਼ਕਰ-ਏ-ਤੋਇਬਾ ਦੇ ਦਹਿਸ਼ਤਗਰਦਾਂ ਵੱਲੋਂ ਇਸ ਪਾਸੇ ਘੁਸਪੈਠ ਕਰਨ ਦੀ ਸੰਭਾਵਿਤ ਕੋਸ਼ਿਸ਼ ਦੀ ਜਾਣਕਾਰੀ ਤੋਂ ਬਾਅਦ, ਐਂਬੂਸ਼ ਡਿਊਟੀ ’ਤੇ ਤਾਇਨਾਤ ਫੌਜੀਆਂ ਨੇ ਮੰਗਲਵਾਰ ਦੇਰ ਰਾਤ ਦੇਗਵਾਰ ਸੈਕਟਰ ਦੇ ਮਾਲਦੀਵਲਾਨ ਏਰੀਆ ਵਿੱਚ ਘੁਸਪੈਠ ਕਰਨ ਵਾਲੇ ਅਤਿਵਾਦੀਆਂ ਦੀ ਸਰਗਰਮੀ ਦੇਖੀ। ਅਤਿਵਾਦੀਆਂ ਨੇ ਗੋਲੀਬਾਰੀ ਕੀਤੀ ਅਤੇ ਕਈ ਘੰਟਿਆਂ ਤੱਕ ਚੱਲੇ ਮੁਕਾਬਲੇ ਵਿੱਚ ਦੋ ਅਤਿਵਾਦੀ ਮਾਰੇ ਗਏ। ਉਨ੍ਹਾਂ ਕਿਹਾ ਕਿ ਦਿਨ ਦੀ ਪਹਿਲੀ ਰੋਸ਼ਨੀ ਨਾਲ ਇੱਕ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਅਤੇ ਦੋਵਾਂ ਅਤਿਵਾਦੀਆਂ ਦੇ ਮੁਕਾਬਲੇ ਵਿੱਚ ਮਾਰੇ ਜਾਣ ਦੀ ਪੁਸ਼ਟੀ ਕੀਤੀ ਗਈ।