Indore: ਪ੍ਰੀਖਿਆਵਾਂ ਰੁਕਵਾਉਣ ਲਈ ਪ੍ਰਿੰਸੀਪਲ ਦੀ ਮੌਤ ਦੀ ਖ਼ਬਰ ਫੈਲਾਈ
ਦੋ ਵਿਦਿਆਰਥੀਆਂ ਖ਼ਿਲਾਫ਼ ਕੇਸ ਦਰਜ
Advertisement
ਇੰਦੌਰ ਦੇ ਮਸ਼ਹੂਰ ਸਰਕਾਰੀ ਕਾਲਜ ਦੇ ਕੁਝ ਵਿਦਿਆਰਥੀਆਂ ਨੇ ਕਥਿਤ ਤੌਰ ’ਤੇ ਆਪਣੇ ਪ੍ਰਿੰਸੀਪਲ ਦੀ ‘ਮੌਤ’ ਬਾਰੇ ਇੱਕ ਫਰਜ਼ੀ ਪੱਤਰ ਤਿਆਰ ਕੀਤਾ ਅਤੇ ਪ੍ਰੀਖਿਆਵਾਂ ਰੋਕਣ ਲਈ ਇਸ ਨੂੰ ਸੋਸ਼ਲ ਮੀਡੀਆ ਮੰਚਾਂ ’ਤੇ ਫੈਲਾ ਦਿੱਤਾ। ਪੁਲੀਸ ਨੇ ਵੀਰਵਾਰ ਨੂੰ ਦੱਸਿਆ ਕਿ ਫਰਜ਼ੀ ਪੱਤਰ ਬਣਾਉਣ ਤੇ ਕੁਝ ਦਿਨ ਪਹਿਲਾਂ ਇਸ ਨੂੰ ਸੋਸ਼ਲ ਮੀਡੀਆ ’ਤੇ ਪਾਉਣ ਦੇ ਦੋਸ਼ ਹੇਠ ਕਾਲਜ ਦੇ ਦੋ ਵਿਦਿਆਰਥੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਭੰਵਰਕੁਆਂ ਥਾਣੇ ਦੇ ਇੰਚਾਰਜ ਰਾਜਕੁਮਾਰ ਯਾਦਵ ਨੇ ਕਿਹਾ ਕਿ ਸਰਕਾਰੀ ਹੋਲਕਰ ਸਾਇੰਸ ਕਾਲਜ ਦੀ ਪ੍ਰਿੰਸੀਪਲ ਡਾ. ਅਨਾਮਿਕਾ ਜੈਨ ਦੀ ਸ਼ਿਕਾਇਤ ਦੇ ਆਧਾਰ ’ਤੇ ਬੈਚੁਲਰ ਆਫ ਕੰਪਿਊਟਰ ਐਪਲੀਕੇਸ਼ਨ (BCA) ਦੇ ਤੀਜੇ ਸਮੈਸਟਰ ਦੇ ਦੋ ਵਿਦਿਆਰਥੀਆਂ ਖ਼ਿਲਾਫ਼ ਬੁੱਧਵਾਰ ਰਾਤ ਨੂੰ ਕੇਸ ਦਰਜ ਕੀਤਾ ਗਿਆ ਸੀ। ਪੁਲੀਸ ਅਧਿਕਾਰੀ ਅਨੁਸਾਰ ਵਿਦਿਆਰਥੀਆਂ ਨੇ ਨਿਯਮਿਤ ਮੁਲਾਂਕਣ ਲਈ ਆਨਲਾਈਨ ਪ੍ਰੀਖਿਆਵਾਂ ਰੁਕਵਾਉਣ ਤੇ ਕਲਾਸਾਂ ਮੁਲਤਵੀ ਕਰਨ ਦੀ ਕਥਿਤ ਸਾਜ਼ਿਸ਼ ਤਹਿਤ ਦੋਵਾਂ ਮੁਲਜ਼ਮਾਂ ਨੇ ਕਾਲਜ ਪ੍ਰਿੰਸੀਪਲ ਦੀ ‘ਮੌਤ’ ਦਾ ਦਾਅਵਾ ਕਰਦਿਆਂ ਝੂਠਾ ਪੱਤਰ ਤਿਆਰ ਕੀਤਾ ਤੇ 14 ਅਕਤੂਬਰ ਨੂੰ ਇਸ ਨੂੰ ਸੋਸ਼ਲ ਮੀਡੀਆ ’ਤੇ ਪ੍ਰਸਾਰਿਤ ਕੀਤਾ। ਕਾਲਜ ਦੇ ਇੱਕ ਅਧਿਕਾਰੀ ਨੇ ਕਿਹਾ ਕਿ ‘ਅਹਿਮ ਜਾਣਕਾਰੀ’ ਦੇ ਸਿਰਲੇਖ ਹੇਠਲਾ ਇਹ ਪੱਤਰ ਸੰਸਥਾ ਦੇ ਲੈਟਰਹੈੱਡ ਦੀ ਨਕਲ ਕਰਕੇ ਬਣਾਇਆ ਗਿਆ ਸੀ।
Advertisement
Advertisement