ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਰਤ-ਅਫ਼ਗ਼ਾਨ ਸਬੰਧ ਭਵਿੱਖ ’ਚ ਹੋਰ ਮਜ਼ਬੂਤ ਹੋਣਗੇ: ਮੁਤੱਕੀ

ਅਫ਼ਗ਼ਾਨ ਵਿਦੇਸ਼ ਮੰਤਰੀ ਦਿਓਬੰਦ ਦੇ ਇਸਲਾਮਿਕ ਮਦਰੱਸਾ ਦਾਰੁਲ ਉਲੂਮ ਪੁੱਜੇ
ਦਾਰੁਲ ਉਲੂਮ ਦਿਓਬੰਦ ’ਚ ਮੌਲਾਨਾ ਅਰਸ਼ਦ ਮਦਨੀ ਨੂੰ ਮਿਲਦੇ ਹੋਏ ਆਿਮਰ ਖ਼ਾਨ ਮੁਤੱਕੀ। -ਫੋਟੋ: ਪੀਟੀਆਈ
Advertisement

ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰੀ ਆਮਿਰ ਖ਼ਾਨ ਮੁਤੱਕੀ ਨੇ ਅੱਜ ਭਰੋਸਾ ਜ਼ਾਹਿਰ ਕੀਤਾ ਕਿ ਭਾਰਤ-ਅਫ਼ਗਾਨਿਸਤਾਨ ਸਬੰਧ ਨੇੜ ਭਵਿੱਖ ’ਚ ਹੋਰ ਮਜ਼ਬੂਤ ਹੋਣਗੇ। ਉਨ੍ਹਾਂ ਦੱਖਣੀ ਏਸ਼ੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਇਸਲਾਮਿਕ ਮਦਰੱਸਿਆਂ ’ਚੋਂ ਇਕ ਸਹਾਰਨਪੁਰ ਸਥਿਤ ਦਾਰੁਲ ਉਲੂਮ ਦਿਓਬੰਦ ਦੀ ਆਪਣੀ ਫੇਰੀ ਦੌਰਾਨ ਕੀਤੇ ਗਏ ਨਿੱਘੇ ਸਵਾਗਤ ਲਈ ਲੋਕਾਂ ਦਾ ਧੰਨਵਾਦ ਕੀਤਾ।

ਮੁਤੱਕੀ ਨੇ ਇੱਥੇ ਕਿਹਾ, ‘ਅਸੀਂ ਨਵੇਂ ਕੂਟਨੀਤਕ ਭੇਜਾਂਗੇ ਅਤੇ ਮੈਨੂੰ ਉਮੀਦ ਹੈ ਕਿ ਤੁਸੀਂ ਲੋਕ ਵੀ ਕਾਬੁਲ ਜਾਓਗੇ। ਦਿੱਲੀ ’ਚ ਜਿਸ ਤਰ੍ਹਾਂ ਮੇਰਾ ਸਵਾਗਤ ਹੋਇਆ, ਉਸ ਨਾਲ ਮੈਨੂੰ ਭਵਿੱਖ ’ਚ ਹੋਰ ਮਜ਼ਬੂਤ ਸਬੰਧਾਂ ਦੀ ਉਮੀਦ ਹੈ। ਨੇੜ ਭਵਿੱਖ ’ਚ ਇਹ ਦੌਰੇ ਲਗਾਤਾਰ ਹੋ ਸਕਦੇ ਹਨ।’ ਆਪਣੇ ਵਫ਼ਦ ਨਾਲ ਸੜਕੀ ਮਾਰਗ ਰਾਹੀਂ ਦਿੱਲੀ ਤੋਂ ਦਿਓਬੰਦ ਪੁੱਜੇ ਅਫ਼ਗਾਨ ਆਗੂ ਦਾ ਦਾਰੁਲ ਉਲੂਮ ਦਿਓਬੰਦ ਦੇ ਮੋਹਤਮਿਮ (ਵਾਈਸ ਚਾਂਸਲਰ) ਅਬੁਲ ਕਾਸਿਮ ਨੋਮਾਨੀ, ਜਮੀਅਤ ਉਲੇਮਾ-ਏ-ਹਿੰਦ ਦੇ ਮੁਖੀ ਮੌਲਾਨਾ ਅਰਸ਼ਦ ਮਦਨੀ ਤੇ ਦਾਰੁਲ ਉਲੂਮ ਦੇ ਅਹੁਦੇਦਾਰਾਂ ਨੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ। ਮੁਤੱਕੀ ਨੂੰ ਮਿਲਣ ਲਈ ਇਸਲਾਮੀ ਮਦਰੱਸੇ ਦੇ ਸੈਂਕੜੇ ਵਿਦਿਆਰਥੀ ਤੇ ਵੱਡੀ ਗਿਣਤੀ ’ਚ ਸਥਾਨਕ ਲੋਕ ਦਿਓਬੰਦ ਕੈਂਪਸ ’ਚ ਇਕੱਠੇ ਹੋਏ ਸਨ ਪਰ ਉਨ੍ਹਾਂ ਨੂੰ ਸੁਰੱਖਿਆ ਕਰਮੀਆਂ ਨੇ ਰੋਕ ਦਿੱਤਾ। ਮੁਤੱਕੀ ਨੇ ਪੱਤਰਕਾਰਾਂ ਨੂੰ ਕਿਹਾ, ‘ਮੈਂ ਇਸ ਨਿੱਘੇ ਸਵਾਗਤ ਤੇ ਇੱਥੋਂ ਦੇ ਲੋਕਾਂ ਵੱਲੋਂ ਦਿਖਾਏ ਗਏ ਪਿਆਰ ਲਈ ਸ਼ੁਕਰਗੁਜ਼ਾਰ ਹਾਂ। ਮੈਨੂੰ ਆਸ ਹੈ ਕਿ ਭਾਰਤ-ਅਫ਼ਗਾਨਿਸਤਾਨ ਸਬੰਧ ਹੋਰ ਵੀ ਮਜ਼ਬੂਤ ਹੋਣਗੇ।’ ਮੁਤੱਕੀ ਦੇ ਆਉਣ ਤੋਂ ਪਹਿਲਾਂ ਖੁਫੀਆ ਏਜੰਸੀਆਂ, ਸੁਰੱਖਿਆ ਏਜੰਸੀਆਂ ਤੇ ਪੁਲੀਸ ਨੇ ਦਿਓਬੰਦ ’ਚ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਸਨ।

Advertisement

ਮਹਿਲਾ ਪੱਤਰਕਾਰਾਂ ਨੂੰ ਸੱਦਾ ਨਾ ਦੇਣ ਤੋਂ ਵਿਵਾਦ

ਨਵੀਂ ਦਿੱਲੀ: ਵਿਰੋਧੀ ਪਾਰਟੀਆਂ ਨੇ ਅੱਜ ਦੋਸ਼ ਲਾਇਆ ਕਿ ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰੀ ਆਮਿਰ ਖ਼ਾਨ ਮੁਤੱਕੀ ਦੇ ਪੱਤਰਕਾਰ ਸੰਮੇਲਨ ’ਚ ਮਹਿਲਾ ਪੱਤਰਕਾਰਾਂ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਨਾ ਦੇਣੀ ਹਰ ਭਾਰਤੀ ਮਹਿਲਾ ਦਾ ਅਪਮਾਨ ਹੈ, ਜਿਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਵਿਰੋਧੀ ਪਾਰਟੀਆਂ ਨੇ ਇਹ ਵੀ ਕਿਹਾ ਕਿ ਅਜਿਹੇ ਪੱਖਪਾਤ ਸਾਹਮਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪ ਨਾਰੀ ਸ਼ਕਤੀ ਬਾਰੇ ਉਨ੍ਹਾਂ ਦੇ ਨਾਅਰਿਆਂ ਦੇ ‘ਖੋਖਲੇਪਣ’ ਨੂੰ ਉਭਾਰਦੀ ਹੈ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਜਨਤਕ ਮੰਚ ਤੋਂ ਮਹਿਲਾ ਪੱਤਰਕਾਰਾਂ ਨੂੰ ‘ਬਾਹਰ’ ਰੱਖ ਕੇ ਪ੍ਰਧਾਨ ਮੰਤਰੀ ਭਾਰਤ ਦੀ ਹਰ ਮਹਿਲਾ ਨੂੰ ਦਸ ਰਹੇ ਹਨ ਕਿ ਉਹ ‘ਉਨ੍ਹਾਂ ਲਈ ਖੜ੍ਹੇ ਹੋਣ ’ਚ ਬਹੁਤ ਕਮਜ਼ੋਰ’ ਹਨ। ਗਾਂਧੀ ਨੇ ਇਹ ਵੀ ਕਿਹਾ ਕਿ ਅਜਿਹੇ ਪੱਖਪਾਤ ਸਾਹਮਣੇ ਮੋਦੀ ਦੀ ਖਾਮੋਸ਼ੀ ਨਾਰੀ ਸ਼ਕਤੀ ਬਾਰੇ ਉਨ੍ਹਾਂ ਦੇ ਨਾਅਰਿਆਂ ਦੇ ‘ਖੋਖਲੇਪਣ’ ਨੂੰ ਸਾਹਮਣੇ ਲਿਆਉਂਦੀ ਹੈ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਜੇ ਪ੍ਰਧਾਨ ਮੰਤਰੀ ਵੱਲੋਂ ਮਹਿਲਾਵਾਂ ਦੇ ਹੱਕਾਂ ਨੂੰ ਮਾਨਤਾ ਦੇਣਾ ਇੱਕ ਚੋਣ ਤੋਂ ਦੂਜੀ ਚੋਣ ਤੱਕ ਸਿਰਫ਼ ਆਪਣੀ ਸਹੂਲਤ ਅਨੁਸਾਰ ਦਿਖਾਵਾ ਨਹੀਂ ਹੈ ਤਾਂ ਫਿਰ ‘ਸਾਡੇ ਦੇਸ਼ ’ਚ ਭਾਰਤ ਦੀਆਂ ਕੁਝ ਸਭ ਤੋਂ ਸਮਰੱਥ ਮਹਿਲਾਵਾਂ ਦਾ ਅਪਮਾਨ’ ਕਿਵੇਂ ਹੋਣ ਦਿੱਤਾ ਗਿਆ। ਉਨ੍ਹਾਂ ਮੋਦੀ ਨੂੰ ਮੁਤੱਕੀ ਦੀ ਪ੍ਰੈੱਸ ਕਾਨਫਰੰਸ ’ਚੋਂ ਮਹਿਲਾ ਪੱਤਰਕਾਰਾਂ ਦੀ ਗ਼ੈਰ ਹਾਜ਼ਰੀ ਬਾਰੇ ਆਪਣੀ ਸਥਿਤੀ ਸਪੱਸ਼ਟ ਕਰਨ ਲਈ ਕਿਹਾ ਹੈ। ਇਸੇ ਦੌਰਾਨ ਕਾਂਗਰਸ ਦੇ ਜਨਰਲ ਸਕੱਤਰ ਤੇ ਸੰਚਾਰ ਇੰਚਾਰਜ ਜੈਰਾਮ ਰਮੇਸ਼ ਨੇ ਐਕਸ ’ਤੇ ਕਿਹਾ, ‘ਭਾਰਤ ’ਚ ਮਹਿਲਾ ਪੱਤਰਕਾਰਾਂ ’ਤੇ ਪਾਬੰਦੀ (ਤਾਲਿਬਾਨ) ਹੈ। ਇਹ ਗੱਲ ਹੈਰਾਨ ਕਰਨ ਵਾਲੀ ਤੇ ਸਵੀਕਾਰ ਨਾ ਕਰਨ ਯੋਗ ਹੈ ਕਿ ਭਾਰਤ ਸਰਕਾਰ ਨੇ ਇਸ ’ਤੇ ਸਹਿਮਤੀ ਜਤਾਈ ਅਤੇ ਉਹ ਵੀ ਕੌਮਾਂਤਰੀ ਬਾਲੜੀ ਦਿਵਸ ਦੀ ਪੂਰਬਲੀ ਸ਼ਾਮ ਮੌਕੇ ਨਵੀਂ ਦਿੱਲੀ ਵਿੱਚ।’ ਸੀਨੀਅਰ ਕਾਂਗਰਸ ਆਗੂ ਪੀ ਚਿਦੰਬਰਮ ਨੇ ਕਿਹਾ, ‘ਮੈਂ ਹੈਰਾਨ ਹਾਂ ਕਿ ਅਫ਼ਗਾਨਿਸਤਾਨ ਦੇ ਆਮਿਰ ਖਾਨ ਮੁਤੱਕੀ ਦੀ ਪ੍ਰੈੱਸ ਕਾਨਫਰੰਸ ’ਚੋਂ ਮਹਿਲਾ ਪੱਤਰਕਾਰ ਗ਼ੈਰ ਹਾਜ਼ਰ ਸਨ। ਮੇਰੇ ਮੁਤਾਬਕ ਪੁਰਸ਼ ਪੱਤਰਕਾਰਾਂ ਨੂੰ ਆਪਣੀਆਂ ਮਹਿਲਾ ਸਾਥੀ ਪੱਤਰਕਾਰਾਂ ਦੀ ਗ਼ੈਰ ਹਾਜ਼ਰੀ ਨੂੰ ਦੇਖਦਿਆਂ ਵਾਕਆਊਟ ਕਰ ਦੇਣਾ ਚਾਹੀਦਾ ਸੀ।’

ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੁਆ ਮੋਇਤਰਾ ਨੇ ਐਕਸ ’ਤੇ ਕਿਹਾ, ‘ਸਰਕਾਰ ਨੇ ਤਾਲਿਬਾਨੀ ਮੰਤਰੀ ਨੂੰ ਆਪਣੀ ਪ੍ਰੈੱਸ ਕਾਨਫਰੰਸ ’ਚੋਂ ਮਹਿਲਾ ਪੱਤਰਕਾਰਾਂ ਨੂੰ ਬਾਹਰ ਰੱਖਣ ਦੀ ਇਜਾਜ਼ਤ ਦੇ ਕੇ ਹਰ ਭਾਰਤੀ ਮਹਿਲਾ ਦਾ ਅਪਮਾਨ ਕੀਤਾ ਹੈ। ਇਹ ਰੀੜ੍ਹ ਦੀ ਹੱਡੀ ਤੋਂ ਬਿਨਾਂ ਪਾਖੰਡੀਆਂ ਦਾ ਸ਼ਰਮਨਾਕ ਸਮੂਹ ਹੈ।’ ਇਸੇ ਤਰ੍ਹਾਂ ਟੀ ਐੱਮ ਸੀ ਦੀ ਸੰਸਦ ਮੈਂਬਰ ਸਾਗਰਿਕਾ ਘੋਸ਼, ਆਰ ਜੇ ਡੀ ਦੇ ਸੰਸਦ ਮੈਂਬਰ ਮਨੋਜ ਕੁਮਾਰ ਝਾਅ, ਸ਼ਿਵ ਸੈਨਾ (ਯੂ ਬੀ ਟੀ) ਦੀ ਸੰਸਦ ਮੈਂਬਰ ਪ੍ਰਿਯੰਕਾ ਚਤੁਰਵੇਦੀ, ਕਾਂਗਰਸ ਦੀ ਤਰਜਮਾਨ ਸੁਪ੍ਰਿਆ ਸ੍ਰੀਨੇਤ, ਕਾਂਗਰਸ ਦੇ ਸੰਸਦ ਮੈਂਬਰ ਕਾਰਤੀ ਚਿਦੰਬਰਮ ਨੇ ਵੀ ਇਸ ਘਟਨਾ ਦੀ ਆਲੋਚਨਾ ਕੀਤੀ ਹੈ। -ਪੀਟੀਆਈ

ਮੁਤੱਕੀ ਦੀ ਪ੍ਰੈੱਸ ਕਾਨਫਰੰਸ ’ਚ ਕੋਈ ਭੂਮਿਕਾ ਨਹੀਂ: ਵਿਦੇਸ਼ ਮੰਤਰਾਲਾ

ਵਿਦੇਸ਼ ਮੰਤਰਾਲੇ ਨੇ ਅੱਜ ਸਪੱਸ਼ਟ ਕੀਤਾ ਕਿ ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰੀ ਆਮਿਰ ਖਾਨ ਮੁਤੱਕੀ ਵੱਲੋਂ ਬੀਤੇ ਦਿਨ ਦਿੱਲੀ ’ਚ ਕੀਤੀ ਗਈ ਪ੍ਰੈੱਸ ਕਾਨਫਰੰਸ ’ਚ ਉਸ ਦੀ ਕੋਈ ਭੂਮਿਕਾ ਨਹੀਂ ਸੀ। ਇਸ ਵਾਰਤਾ ’ਚ ਮਹਿਲਾ ਪੱਤਰਕਾਰਾਂ ਨੂੰ ਕਥਿਤ ਤੌਰ ’ਤੇ ਸ਼ਾਮਲ ਹੋਣ ਤੋਂ ਰੋਕੇ ਜਾਣ ਦੀਆਂ ਖ਼ਬਰਾਂ ਮਗਰੋਂ ਵਿਵਾਦ ਖੜ੍ਹਾ ਹੋ ਗਿਆ ਸੀ। ਮੰਤਰਾਲੇ ਨੇ ਇੱਕ ਬਿਆਨ ’ਚ ਕਿਹਾ, ‘ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰੀ ਵੱਲੋਂ ਬੀਤੇ ਦਿਨ ਦਿੱਲੀ ’ਚ ਕੀਤੀ ਗਈ ਪ੍ਰੈੱਸ ਵਾਰਤਾ ’ਚ ਵਿਦੇਸ਼ ਮੰਤਰਾਲੇ ਦੀ ਕੋਈ ਭੂਮਿਕਾ ਨਹੀਂ ਸੀ।’ -ਏਐੱਨਆਈ

 

ਪ੍ਰੈੱਸ ਕਾਨਫਰੰਸ ’ਚ ਕੋਈ ਭੂਮਿਕਾ ਨਹੀਂ: ਵਿਦੇਸ਼ ਮੰਤਰਾਲਾ

ਵਿਦੇਸ਼ ਮੰਤਰਾਲੇ ਨੇ ਅੱਜ ਸਪੱਸ਼ਟ ਕੀਤਾ ਕਿ ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰੀ ਆਮਿਰ ਖਾਨ ਮੁਤੱਕੀ ਵੱਲੋਂ ਬੀਤੇ ਦਿਨ ਦਿੱਲੀ ’ਚ ਕੀਤੀ ਗਈ ਪ੍ਰੈੱਸ ਕਾਨਫਰੰਸ ’ਚ ਉਸ ਦੀ ਕੋਈ ਭੂਮਿਕਾ ਨਹੀਂ ਸੀ। ਇਸ ਵਾਰਤਾ ’ਚ ਮਹਿਲਾ ਪੱਤਰਕਾਰਾਂ ਨੂੰ ਕਥਿਤ ਤੌਰ ’ਤੇ ਸ਼ਾਮਲ ਹੋਣ ਤੋਂ ਰੋਕੇ ਜਾਣ ਦੀਆਂ ਖ਼ਬਰਾਂ ਮਗਰੋਂ ਵਿਵਾਦ ਖੜ੍ਹਾ ਹੋ ਗਿਆ ਸੀ। ਮੰਤਰਾਲੇ ਨੇ ਇੱਕ ਬਿਆਨ ’ਚ ਕਿਹਾ, ‘ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰੀ ਵੱਲੋਂ ਬੀਤੇ ਦਿਨ ਦਿੱਲੀ ’ਚ ਕੀਤੀ ਗਈ ਪ੍ਰੈੱਸ ਵਾਰਤਾ ’ਚ ਵਿਦੇਸ਼ ਮੰਤਰਾਲੇ ਦੀ ਕੋਈ ਭੂਮਿਕਾ ਨਹੀਂ ਸੀ।’ -ਏਐੱਨਆਈ

Advertisement
Show comments