ਚਿਲੀ ਦੀ ਬੈਸ਼ਲੇ ਨੂੰ ਇੰਦਰਾ ਗਾਂਧੀ ਸ਼ਾਂਤੀ ਪੁਰਸਕਾਰ
ਚਿਲੀ ਦੀ ਸਾਬਕਾ ਰਾਸ਼ਟਰਪਤੀ ਮਿਸ਼ੇਲ ਬੈਸ਼ਲੇ ਨੂੰ ਅੱਜ 2024 ਦਾ ‘ਇੰਦਰਾ ਗਾਂਧੀ ਸ਼ਾਂਤੀ, ਨਿਸ਼ਸਤਰੀਕਰਨ ਤੇ ਵਿਕਾਸ ਪੁਰਸਕਾਰ’ ਦਿੱਤਾ ਗਿਆ। ਇਹ ਪੁਰਸਕਾਰ ਕਾਂਗਰਸ ਪਾਰਟੀ ਨਾਲ ਜੁੜੀ ਸੰਸਥਾ ਇੰਦਰਾ ਗਾਂਧੀ ਮੈਮੋਰੀਅਲ ਟਰੱਸਟ ਵੱਲੋਂ ਦਿੱਤਾ ਜਾਂਦਾ ਹੈ। ਇੰਦਰਾ ਗਾਂਧੀ ਮੈਮੋਰੀਅਲ ਟਰੱਸਟ ਦੀ ਮੁਖੀ ਸੋਨੀਆ ਗਾਂਧੀ ਨੇ ਸ਼ਾਂਤੀ, ਲਿੰਗ ਬਰਾਬਰਤਾ, ਮਨੁੱਖੀ ਅਧਿਕਾਰ ਅਤੇ ਵਿਕਾਸ ਵਿੱਚ ਯੋਗਦਾਨ ਲਈ ਮਿਸ਼ੇਲ ਨੂੰ ਇਹ ਪੁਰਸਕਾਰ ਦਿੱਤਾ। ਇਸ ਦੌਰਾਨ ਸੋਨੀਆ ਗਾਂਧੀ ਨੇ ਕਿਹਾ ਕਿ ਇੰਦਰਾ ਨੇ ਗ਼ਰੀਬੀ ਅਤੇ ਗ਼ੈਰ-ਬਰਾਬਰਤਾ ਦੂਰ ਕਰਨ ਲਈ ਆਪਣੀਆਂ ਨੀਤੀਆਂ ਨਾਲ ਦੇਸ਼ ਦੀ ਕਾਇਆਕਲਪ ਕੀਤੀ ਸੀ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਪੂਰੀ ਦੁਨੀਆਂ ਵਿੱਚ ਯਾਦ ਕੀਤਾ ਜਾਂਦਾ ਹੈ। ਇਹ ਪੁਰਸਕਾਰ ਹਰ ਸਾਲ ਇੰਦਰਾ ਗਾਂਧੀ ਮੈਮੋਰੀਅਲ ਟਰੱਸਟ ਵੱਲੋਂ ਇੱਕ ਅਜਿਹੇ ਵਿਅਕਤੀ ਜਾਂ ਸੰਗਠਨ ਨੂੰ ਦਿੱਤਾ ਜਾਂਦਾ ਹੈ, ਜਿਸਨੇ ਸਮਾਜ ਸੇਵਾ, ਨਿਸ਼ਸਤਰੀਕਰਨ ਜਾਂ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੋਵੇ। ਪੁਰਸਕਾਰ ਤਹਿਤ 25 ਲੱਖ ਰੁਪਏ ਦੀ ਇਨਾਮੀ ਰਾਸ਼ੀ ਅਤੇ ਇੱਕ ਪ੍ਰਸ਼ੰਸਾ-ਪੱਤਰ ਦਿੱਤਾ ਜਾਂਦਾ ਹੈ। ਪੁਰਸਕਾਰ ਲਈ ਮਿਸ਼ੇਲ ਦੀ ਚੋਣ ਮੌਕੇ ਇੰਦਰਾ ਗਾਂਧੀ ਮੈਮੋਰੀਅਲ ਟਰੱਸਟ ਨੇ ਕਿਹਾ, ‘‘ਚਿਲੀ ਦੀ ਸਾਬਕਾ ਰਾਸ਼ਟਰਪਤੀ ਮਿਸ਼ੇਲ ਬੈਸ਼ਲੇ ਮਨੁੱਖੀ ਅਧਿਕਾਰਾਂ, ਸ਼ਾਂਤੀ ਅਤੇ ਬਰਾਬਰਤਾ ਲਈ ਆਵਾਜ਼ ਬੁਲੰਦ ਕਰਨ ਲਈ ਜਾਣੀ ਜਾਂਦੀ ਹੈ।’’ -
