ਮੁਸਾਫ਼ਰਾਂ ਨੂੰ ਯਾਤਰਾ ਵਾਊਚਰ ਦੇਵੇਗੀ ਇੰਡੀਗੋ
ਸੰਚਾਲਨ ਸਬੰਧੀ ਸਮੱਸਿਆਵਾਂ ਨਾਲ ਜੂਝ ਰਹੀ ਹਵਾਬਾਜ਼ੀ ਕੰਪਨੀ ਇੰਡੀਗੋ ਉਡਾਣਾਂ ਰੱਦ ਹੋਣ ਜਾਂ ਦੇਰੀ ਕਾਰਨ ਪ੍ਰਭਾਵਿਤ ਮੁਸਾਫ਼ਰਾਂ ਨੂੰ 10 ਹਜ਼ਾਰ ਰੁਪਏ ਦੇ ਯਾਤਰਾ ਵਾਊਚਰ ਦੇਵੇਗੀ। ਇਹ ਵਾਊਚਰ ਤਿੰਨ ਤੋਂ ਪੰਜ ਦਸੰਬਰ ਦੌਰਾਨ ਉਡਾਣਾਂ ਰੱਦ ਹੋਣ ਕਾਰਨ ਪ੍ਰਭਾਵਿਤ ਹੋਏ ਯਾਤਰੀਆਂ ਨੂੰ ਦਿੱਤੇ ਜਾਣਗੇ। ਇਹ ਡੀ ਜੀ ਸੀ ਦੇ ਨਿਯਮਾਂ ਤਹਿਤ ਮੁਸਾਫ਼ਰਾਂ ਨੂੰ ਦਿੱਤੀ ਜਾਣ ਵਾਲੀ ਰਾਸ਼ੀ ਤੋਂ ਵੱਖਰੇ ਹੋਣਗੇ। ਇਸੇ ਦੌਰਾਨ ਡੀ ਜੀ ਸੀ ਏ ਨੇ ਕੰਪਨੀ ਦੇ ਹੈੱਡਕੁਆਰਟਰ ਤੋਂ ਹਵਾਬਾਜ਼ੀ ਕੰਪਨੀ ਦੇ ਸੰਚਾਲਨ, ਰਿਫੰਡ ਅਤੇ ਹੋਰ ਪ੍ਰਕਿਰਿਆਵਾਂ ਦੀ ਨਿਗਰਾਨੀ ਸ਼ੁਰੂ ਕਰ ਦਿੱਤੀ ਹੈ।
ਇੰਡੀਗੋ ਨੇ ਮੁਸਾਫ਼ਰਾਂ ਨੂੰ ਹੋਈ ਪ੍ਰੇਸ਼ਾਨੀ ਲਈ ਅਫਸੋਸ ਜ਼ਾਹਿਰ ਕਰਦਿਆਂ ਕਿਹਾ, ‘‘ਅਸੀਂ ਅਜਿਹੇ ਗੰਭੀਰ ਰੂਪ ’ਚ ਪ੍ਰਭਾਵਿਤ ਮੁਸਾਫ਼ਰਾਂ ਨੂੰ 10 ਹਜ਼ਾਰ ਰੁਪਏ ਦੇ ਮੁੱਲ ਕੇ ਯਾਤਰਾ ਵਾਊਚਰ ਦੇਵਾਂਗੇ ਜਿਨ੍ਹਾਂ ਦੀ ਵਰਤੋਂ ਅਗਲੇ 12 ਮਹੀਨਿਆਂ ਦੌਰਾਨ ਇੰਡੀਗੋ ਦੀ ਕਿਸੇ ਵੀ ਯਾਤਰਾ ਲਈ ਕੀਤੀ ਜਾ ਸਕਦੀ ਹੈ।’’ ਇਸੇ ਦੌਰਾਨ ਡੀ ਜੀ ਸੀ ਏ ਨੇ ਕਿਹਾ ਕਿ ਅਧਿਕਾਰੀਆਂ ਤੋਂ ਹਵਾਬਾਜ਼ੀ ਕੰਪਨੀ ਦੀ ਸਥਿਤੀ ਬਾਰੇ ਰੋਜ਼ਾਨਾ ਰਿਪੋਰਟ ਪੇਸ਼ ਕਰਨ ਦੀ ਉਮੀਦ ਕੀਤੀ ਜਾਂਦੀ ਹੈ। ਡੀ ਜੀ ਸੀ ਏ ਨੇ ਇੰਡੀਗੋ ਦੇ ਸੀ ਈ ਓ ਪੀਟਰ ਐਲਬਰਜ਼ ਨੂੰ ਅੱਜ ਬਾਅਦ ਦੁਪਹਿਰ ਤਿੰਨ ਵਜੇ ਆਪਣੇ ਦਫ਼ਤਰ ’ਚ ਤਲਬ ਕੀਤਾ ਤੇ ਹਾਲ ਹੀ ਵਿੱਚ ਸੰਚਾਲਨ ਸਬੰਧੀ ਅੜਿੱਕਿਆਂ ਬਾਰੇ ਜਾਣਕਾਰੀ ਦੀ ਪੂਰੀ ਰਿਪੋਰਟ ਮੰਗੀ।
