ਇੰਡੀਗੋ: ਨਵੇਂ ਨਿਯਮ ਬਣੇ ਏਅਰਲਾਈਨ ਲਈ ਸੰਕਟ
ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਨੂੰ ਆਪਣੇ ਸਭ ਤੋਂ ਵੱਡੇ ਸੰਚਾਲਨ ਸੰਕਟ ਕਾਰਨ ਸੈਂਕੜੇ ਉਡਾਣਾਂ ਰੱਦ ਕਰਨੀਆਂ ਪਈਆਂ। ਨਵੇਂ ਨਿਯਮਾਂ ਤਹਿਤ ਪਾਇਲਟਾਂ ਦੀ ਡਿਊਟੀ ਦੀ ਸਮਾਂ ਸੀਮਾ ’ਚ ਤਬਦੀਲੀ ਅਤੇ ਇੰਡੀਗੋ ਦੇ ‘ਘੱਟ ਸਟਾਫ’ ਵਾਲੇ ਮਾਡਲ ਕਾਰਨ ਇਹ ਸੰਕਟ ਪੈਦਾ ਹੋਇਆ ਹੈ।
ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ ਜੀ ਸੀ ਏ) ਨੇ ਉਡਾਣ ਡਿਊਟੀ ਸਮਾਂ ਸੀਮਾ (ਐੱਫ ਡੀ ਟੀ ਐੱਲ) ਨਿਯਮਾਂ ’ਚ ਤਬਦੀਲੀ ਕੀਤੀ ਹੈ। ਨਵੇਂ ਨਿਯਮਾਂ ਤਹਿਤ ਪਾਇਲਟਾਂ ਦਾ ਹਫ਼ਤਾਵਾਰੀ ਆਰਾਮ 36 ਘੰਟੇ ਤੋਂ ਵਧਾ ਕੇ 48 ਘੰਟੇ ਕੀਤਾ ਗਿਆ, ਰਾਤ ਦੀਆਂ ਉਡਾਣਾਂ ਦੀ ਗਿਣਤੀ ਸੀਮਤ ਕੀਤੀ ਗਈ ਅਤੇ ਲਗਾਤਾਰ ਰਾਤ ਦੀ ਡਿਊਟੀ ਨੂੰ ਸਿਰਫ਼ ਦੋ ਤੱਕ ਸੀਮਤ ਕੀਤਾ ਗਿਆ। ਇਸ ਨਾਲ ਹਰੇਕ ਪਾਇਲਟ ਵੱਲੋਂ ਉਡਾਈਆਂ ਜਾਂਦੀਆਂ ਉਡਾਣਾਂ ਦੀ ਗਿਣਤੀ ’ਚ ਕਾਫੀ ਕਮੀ ਆਈ ਹੈ।
ਇੰਡੀਗੋ ਨੇ ਆਪਣੇ ਏਅਰਬੱਸ ਏ320 ਬੇੜੇ ਲਈ 2422 ਕੈਪਟਨਾਂ ਦੀ ਲੋੜ ਦੱਸੀ ਸੀ ਪਰ ਸਿਰਫ਼ 2357 ਕੈਪਟਨ ਮੁਹੱਈਆ ਸਨ ਤੇ ‘ਫਰਸਟ ਆਫੀਸਰਜ਼’ ਦੀ ਵੀ ਕਮੀ ਸੀ। ਇਸ ਦੇ ਨਾਲ ਹੀ ਏਅਰਲਾਈਨ ਦਾ ਉੱਚ ਜਹਾਜ਼ ਵਰਤੋਂ ਤੇ ਰਾਤ ਦੀਆਂ ਉਡਾਣਾਂ ’ਤੇ ਨਿਰਭਰਤਾ ਵਾਲਾ ਮਾਡਲ ਕੰਮ ਨਹੀਂ ਆਇਆ ਜਿਸ ਕਾਰਨ ਦੋ ਦਸੰਬਰ ਤੋਂ ਵੱਡੇ ਪੱਧਰ ’ਤੇ ਉਡਾਣਾਂ ਰੱਦ ਹੋਣ ਲੱਗੀਆਂ। ਅੱਜ ਵੀ 2300 ’ਚੋਂ 650 ਉਡਾਣਾਂ ਰੱਦ ਕੀਤੀਆਂ ਗਈਆਂ ਹਨ ਜਿਸ ਕਾਰਨ ਦਿੱਲੀ, ਮੁੰਬਈ, ਬੰਗਲੂਰੂ ਤੇ ਹੈਦਰਾਬਾਦ ਜਿਹੇ ਅਹਿਮ ਹਵਾਈ ਅੱਡਿਆਂ ’ਤੇ ਪ੍ਰੇਸ਼ਾਨ ਮੁਸਾਫ਼ਰ ਦੇਖਣ ਨੂੰ ਮਿਲੇ।
ਇੰਡੀਗੋ ਨੇ ਤਿੰਨ ਦਸੰਬਰ ਨੂੰ ਸਮੱਸਿਆਵਾਂ ਦੀ ਪੁਸ਼ਟੀ ਕੀਤੀ ਤੇ ਇਸ ਲਈ ਤਕਨੀਕੀ ਗੜਬੜ, ਮੌਸਮ, ਸਰਦੀਆਂ ਦਾ ਸ਼ਡਿਊਲ ਤੇ ਨਵੇਂ ਅਮਲਾ ਨਿਯਮਾਂ ਨੂੰ ਜ਼ਿੰਮੇਵਾਰ ਠਹਿਰਾਇਆ। ਏਅਰਲਾਈਨ ਨੇ ਯਾਤਰੀਆਂ ਨੂੰ ਪੂਰਾ ਰਿਫੰਡ, ਟੈਕਸ ਮੁਆਫ਼ ਕਰਨ ਅਤੇ ਬਦਲਵੇਂ ਪ੍ਰਬੰਧ ਕਰਨ ਦੀ ਪੇਸ਼ਕਸ਼ ਕੀਤੀ। ਇੰਡੀਗੋ ਦੇ ਸੀ ਈ ਓ ਪੀਟਰ ਐਲਬਰਜ਼ ਨੇ ਪੰਜ ਦਸੰਬਰ ਨੂੰ ਮੁਆਫ਼ੀ ਮੰਗੀ ਤੇ 10-15 ਦਸੰਬਰ ਤੱਕ ਉਡਾਣਾਂ ਦਾ ਸੰਚਾਲਨ ਬਹਾਲ ਕਰਨ ਦਾ ਵਾਅਦਾ ਕੀਤਾ। ਡੀ ਜੀ ਸੀ ਏ ਨੇ ਪੰਜ ਦਸੰਬਰ ਨੂੰ ਇੰਡੀਗੋ ਦੇ ਏ320 ਬੇੜੇ ਨੂੰ ਰਾਤ ਦੀਆਂ ਉਡਾਣਾਂ ਤੇ ਲੈਂਡਿੰਗ ਤੋਂ ਆਰਜ਼ੀ ਛੋਟ ਦਿੱਤੀ ਤੇ ਰਸਮੀ ਜਾਂਚ ਵੀ ਸ਼ੁਰੂ ਕੀਤੀ ਹੈ। ਡੀ ਜੀ ਸੀ ਏ ਨੇ ਏਅਰਲਾਈਨ ਨੂੰ ਪਾਇਲਟ ਡਿਊਟੀ ਤੇ ਕਰਮਚਾਰੀ ਪ੍ਰਬੰਧਨ ’ਚ ਸੁਧਾਰ ਬਾਰੇ ਰਿਪੋਰਟ ਦੇਣ ਲਈ ਕਿਹਾ ਹੈ। ਇਸ ਸੰਕਟ ਕਾਰਨ ਘਰੇਲੂ ਹਵਾਈ ਕਿਰਾਏ ’ਚ ਵਾਧਾ ਵੀ ਹੋਇਆ ਤੇ ਦਿੱਲੀ-ਬੰਗਲੂਰੂ ਉਡਾਣ ਲਈ ਸਭ ਤੋਂ ਸਸਤਾ ਕਿਰਾਇਆ 40 ਹਜ਼ਾਰ ਰੁਪਏ ਤੋਂ ਉੱਪਰ ਚਲਾ ਗਿਆ ਜਿਸ ਮਗਰੋਂ ਸਰਕਾਰ ਨੇ ਬੀਤੇ ਦਿਨ ਸਾਰੀਆਂ ਏਅਰ ਲਾਈਨਾਂ ਲਈ ਕਿਰਾਏ ਦੀ ਹੱਦ ਤੈਅ ਕਰ ਦਿੱਤੀ ਹੈ। ਇੰਡੀਗੋ ਨੇ ਸੰਕਟ ਪ੍ਰਬੰਧਨ ਕਮੇਟੀ ਬਣਾਈ ਹੈ ਜਿਸ ’ਚ ਬੋਰਡ ਦੇ ਮੈਂਬਰ ਤੇ ਸੀ ਈ ਓ ਸ਼ਾਮਲ ਹਨ।
