ਅਸਾਮ ਦੇ ਮੁੱਖ ਮੰਤਰੀ ਨੂੰ ਲਿਜਾ ਰਹੀ ਇੰਡੀਗੋ ਦੀ ਉਡਾਣ ਖਰਾਬ ਮੌਸਮ ਕਾਰਨ ਅਗਰਤਲਾ ਵੱਲ ਮੋੜੀ
ਗੁਹਾਟੀ ਜਾ ਰਹੀ ਇੰਡੀਗੋ ਦੀ ਉਡਾਣ, ਜਿਸ ਵਿਚ ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਸਵਾਰ ਸਨ, ਨੂੰ ਖਰਾਬ ਮੌਸਮ ਕਰਕੇ ਗੁਆਂਂਢੀ ਰਾਜ ਤ੍ਰਿਪੁਰਾ ਦੇ ਅਗਰਤਲਾ ਹਵਾਹੀ ਅੱਡੇ ਵੱਲ ਮੋੜਨਾ ਪਿਆ ਹੈ। ਅਧਿਕਾਰੀ ਨੇ ਕਿਹਾ ਕਿ ਇਹਤਿਆਤੀ ਉਪਰਾਲੇ ਵਜੋਂ ਐਤਵਾਰ ਸ਼ਾਮੀਂ ਉਡਾਣ ਨੂੰ ਤ੍ਰਿਪੁਰਾ ਡਾਈਵਰਟ ਕਰਨਾ ਪਿਆ।
ਅਗਰਤਲਾ ਦੇ ਮਹਾਰਾਜਾ ਬੀਰ ਬਿਕਰਮ (ਐਮਬੀਬੀ) ਹਵਾਈ ਅੱਡੇ ਦੇ ਡਾਇਰੈਕਟਰ ਕੇਸੀ ਮੀਨਾ ਨੇ ਕਿਹਾ ਕਿ ਗੁਹਾਟੀ ਵਿੱਚ ਮੌਸਮ ਵਿੱਚ ਸੁਧਾਰ ਤੋਂ ਬਾਅਦ ਜਹਾਜ਼ ਬਾਅਦ ਵਿੱਚ ਗੁਹਾਟੀ ਲਈ ਉਡਾਣ ਭਰ ਗਿਆ। ਉਨ੍ਹਾਂ ਕਿਹਾ, ‘‘ਡਿਬਰੂਗੜ੍ਹ ਦੇ ਮੋਹਨਬਾੜੀ ਹਵਾਈ ਅੱਡੇ ਤੋਂ ਇੰਡੀਗੋ ਦੀ ਉਡਾਣ ਭਾਰੀ ਮੀਂਹ ਅਤੇ ਗਰਜ-ਤੂਫ਼ਾਨ ਕਾਰਨ ਗੁਹਾਟੀ ਵਿੱਚ ਉਤਰਨ ’ਚ ਅਸਮਰੱਥ ਸੀ, ਅਤੇ ਇਹਤਿਆਤ ਵਜੋਂ ਇਸ ਨੂੰ ਅਗਰਤਲਾ ਵੱਲ ਮੋੜ ਦਿੱਤਾ ਗਿਆ। ਬਾਅਦ ਵਿੱਚ, ਜਹਾਜ਼ ਗੁਹਾਟੀ ਲਈ ਰਵਾਨਾ ਹੋ ਗਿਆ।’’
ਅਗਰਤਲਾ ਹਵਾਈ ਅੱਡੇ ਦੇ ਡਾਇਰੈਕਟਰ ਨੇ ਕਿਹਾ ਕਿ ਗੁਹਾਟੀ ਵਿੱਚ ਮੁੱਖ ਮੰਤਰੀ ਦਫ਼ਤਰ ਨੇ ਪੁਸ਼ਟੀ ਕੀਤੀ ਕਿ ਸਰਮਾ ਉਡਾਣ ਵਿੱਚ ਸਨ। ਮੀਨਾ ਨੇ ਕਿਹਾ, ‘‘ਮੌਸਮ ਦੀ ਸਥਿਤੀ ਕਾਰਨ ਕੋਈ ਤਕਨੀਕੀ ਸਮੱਸਿਆ ਦੀ ਰਿਪੋਰਟ ਨਹੀਂ ਕੀਤੀ ਗਈ।’’ ਜਿਵੇਂ ਹੀ ਉਡਾਣ ਅਗਰਤਲਾ ਹਵਾਈ ਅੱਡੇ ’ਤੇ ਉਤਰੀ, ਤ੍ਰਿਪੁਰਾ ਦੇ ਸੈਰ-ਸਪਾਟਾ ਮੰਤਰੀ ਸੁਸ਼ਾਂਤ ਚੌਧਰੀ ਸਰਮਾ ਨੂੰ ਮਿਲਣ ਲਈ ਉੱਥੇ ਗਏ।
ਬਾਅਦ ਵਿੱਚ, ਇੱਕ ਫੇਸਬੁੱਕ ਪੋਸਟ ਵਿੱਚ ਚੌਧਰੀ ਨੇ ਲਿਖਿਆ, ‘‘ਗੁਹਾਟੀ ਵਿੱਚ ਖਰਾਬ ਮੌਸਮ ਕਾਰਨ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਜੀ ਦੇ ਜਹਾਜ਼ ਦੀ ਅਗਰਤਲਾ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ, ਮੈਂ ਹਵਾਈ ਅੱਡੇ ’ਤੇ ਪਹੁੰਚੀ ਅਤੇ ਦਾਦਾ (ਵੱਡੇ ਭਰਾ) ਨਾਲ ਕੁਝ ਸਮਾਂ ਬਿਤਾਇਆ।’’ ਮੀਨਾ ਨੇ ਕਿਹਾ ਕਿ ਗੁਹਾਟੀ ਵਿੱਚ ਮੌਸਮ ਵਿੱਚ ਸੁਧਾਰ ਹੋਣ ਤੋਂ ਬਾਅਦ ਆਮ ਕੰਮਕਾਜ ਮੁੜ ਸ਼ੁਰੂ ਹੋ ਗਿਆ। ਮੀਨਾ ਨੇ ਕਿਹਾ, ‘‘ਕੁੱਲ ਮਿਲਾ ਕੇ, ਪੰਜ ਉਡਾਣਾਂ, ਡਾਇਵਰਟ ਕੀਤੇ ਜਾਣ ਤੋਂ ਬਾਅਦ, ਐਤਵਾਰ ਨੂੰ ਐਮਬੀਬੀ ਹਵਾਈ ਅੱਡੇ 'ਤੇ ਉਤਰੀਆਂ ਸਨ, ਅਤੇ ਇਹ ਸਾਰੀਆਂ ਆਪਣੀਆਂ ਮੰਜ਼ਿਲਾਂ ਲਈ ਰਵਾਨਾ ਹੋ ਗਈਆਂ ਸਨ।’’