ਇੰਡੀਗੋ ਸੰਕਟ ਸੱਤਵੇਂ ਦਿਨ ਵੀ ਜਾਰੀ; ਬੰਗਲੂਰੂ ਤੇ ਦਿੱਲੀ ’ਚ 250 ਉਡਾਣਾਂ ਰੱਦ
IndiGo Crisis ਇੰਡੀਗੋ ਦੀਆਂ ਉਡਾਣਾਂ ਵਿੱਚ ਦੇਰੀ ਜਾਂ ਰੱਦ ਹੋਣ ਨਾਲ ਜੁੜਿਆ ਸੰਕਟ ਅੱਜ ਸੱਤਵੇਂ ਦਿਨ ਵੀ ਜਾਰੀ ਹੈ। ਸੰਕਟ ਵਿੱਚ ਘਿਰੀ ਏਅਰਲਾਈਨ ਨੇ ਸੋਮਵਾਰ ਨੂੰ ਬੰਗਲੁਰੂ ਤੇ ਦਿੱਲੀ ਹਵਾਈ ਅੱਡਿਆਂ ਤੋਂ 250 ਦੇ ਕਰੀਬ ਉਡਾਣਾਂ ਰੱਦ ਕਰ ਦਿੱਤੀਆਂ ਹਨ। ਇਸ ਦੌਰਾਨ ਹਵਾਬਾਜ਼ੀ ਨਿਗਰਾਨ ਡੀਜੀਸੀਏ ਨੇ ਐਤਵਾਰ ਦੇਰ ਸ਼ਾਮ ਇੱਕ ਆਦੇਸ਼ ਵਿੱਚ ਇੰਡੀਗੋ ਦੇ ਸੀਈਓ ਪੀਟਰ ਐਲਬਰਸ ਅਤੇ ਮੁੱਖ ਸੰਚਾਲਨ ਅਧਿਕਾਰੀ ਅਤੇ ਲੇਖਾਕਾਰੀ ਪ੍ਰਬੰਧਕ Isidro Porqueras ਨੂੰ ਏਅਰਲਾਈਨ ਦੇ ਸੰਚਾਲਨ ਨੂੰ ਦਰਪੇਸ਼ ਸੰਕਟ ਦੇ ਮੱਦੇਨਜ਼ਰ ਆਪਣੇ ‘ਕਾਰਨ ਦੱਸੋ’ ਨੋਟਿਸ ਦਾ ਜਵਾਬ ਦੇਣ ਲਈ ਦਿੱਤੀ ਡੈੱਡਲਾਈਨ ਸੋਮਵਾਰ ਸ਼ਾਮ 6 ਵਜੇ ਤੱਕ ਦਾ ਵਧਾ ਦਿੱਤੀ ਹੈ।
ਸ਼ਨਿੱਚਰਵਾਰ ਨੂੰ ਐਲਬਰਸ ਅਤੇ Porqueras ਨੂੰ ਜਾਰੀ ਕੀਤੇ ਗਏ ਨੋਟਿਸਾਂ ਵਿੱਚ, ਰੈਗੂਲੇਟਰ ਨੇ ਕਿਹਾ ਕਿ ਵੱਡੇ ਪੱਧਰ ’ਤੇ ਸੰਚਾਲਨ ਨਾਕਾਮੀਆਂ ਯੋਜਨਾਬੰਦੀ, ਨਿਗਰਾਨੀ ਅਤੇ ਸਰੋਤ ਪ੍ਰਬੰਧਨ ਵਿੱਚ ਮਹੱਤਵਪੂਰਨ ਖਾਮੀਆਂ ਵੱਲ ਇਸ਼ਾਰਾ ਕਰਦੀਆਂ ਹਨ। ਹਵਾਬਾਜ਼ੀ ਨਿਗਰਾਨ ਨੇ ਇੰਡੀਗੋ ਨੂੰ ਉਦੋਂ 24 ਘੰਟਿਆਂ ਅੰਦਰ ਆਪਣੇ ਜਵਾਬ ਜਮ੍ਹਾਂ ਕਰਾਉਣ ਲਈ ਕਿਹਾ ਸੀ। ਸੂਤਰ ਨੇ ਕਿਹਾ ਕਿ ਇੰਡੀਗੋ ਨੇ 127 ਉਡਾਣਾਂ ਰੱਦ ਕਰ ਦਿੱਤੀਆਂ ਹਨ, ਜਿਨ੍ਹਾਂ ਵਿੱਚ 65 ਆਗਮਨ ਅਤੇ 62 ਰਵਾਨਗੀ ਬੈਂਗਲੁਰੂ ਹਵਾਈ ਅੱਡੇ ਤੋਂ ਹਨ। ਇਸੇ ਤਰ੍ਹਾਂ ਨਵੀਂ ਦਿੱਲੀ ਹਵਾਈ ਅੱਡੇ ਤੋਂ ਇੰਡੀਗੋ ਦੀਆਂ 134 ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਇਲ੍ਹਾਂ ਵਿਚ 75 ਰਵਾਨਗੀ ਤੇ 59 ਆਗਮਨ ਉਡਾਣਾਂ ਸ਼ਾਮਲ ਹਨ।
ਗੁਰੂਗ੍ਰਾਮ ਸਥਿਤ ਏਅਰਲਾਈਨ, ਜਿਸ ਦੀ ਅੰਸ਼ਕ ਮਾਲਕੀ ਰਾਹੁਲ ਭਾਟੀਆ ਕੋਲ ਹੈ, 2 ਦਸੰਬਰ ਤੋਂ ਸੈਂਕੜੇ ਉਡਾਣਾਂ ਰੱਦ ਕੀਤੇ ਜਾਣ ਕਰਕੇ ਸਰਕਾਰ ਅਤੇ ਯਾਤਰੀਆਂ ਦੋਵਾਂ ਤੋਂ ਵਿਰੋਧ ਦਾ ਸਾਹਮਣਾ ਕਰ ਰਹੀ ਹੈ। ਉਡਾਣਾਂ ਵਿਚ ਦੇਰੀ ਜਾਂ ਰੱਦ ਕੀਤੇ ਜਾਣ ਲਈ ਪਾਇਲਟਾਂ ਦੀ ਨਵੀਂ ਉਡਾਣ ਡਿਊਟੀ ਅਤੇ ਨਿਯਮਾਂ ਵਿੱਚ ਤਬਦੀਲੀ ਦਾ ਹਵਾਲਾ ਦਿੱਤਾ ਗਿਆ ਹੈ। ਨਤੀਜੇ ਵਜੋਂ ਲੱਖਾਂ ਯਾਤਰੀ ਪੂਰੇ ਭਾਰਤ ਦੇ ਹਵਾਈ ਅੱਡਿਆਂ ’ਤੇ ਫਸ ਗਏ ਹਨ।
