ਮਸਨੂਈ ਬੌਧਿਕਤਾ ਖੇਤਰ ’ਚ ਭਾਰਤ ਦੀ ਹਾਲਤ ਫ਼ਿਕਰ ਵਾਲੀ: ਰਾਘਵ ਚੱਢਾ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 24 ਮਾਰਚ
ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਮਸਨੂਈ ਬੌਧਿਕਤਾ (ਏਆਈ) ਖੇਤਰ ਵਿੱਚ ਭਾਰਤ ਦੀ ਸਥਿਤੀ ’ਤੇ ਫ਼ਿਕਰਮੰਦੀ ਜ਼ਾਹਿਰ ਕਰਦਿਆਂ ਦੇਸ਼ ਨੂੰ ਆਲਮੀ ਏਆਈ ਹੱਬ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇ ਭਾਰਤ ਨੇ 21ਵੀਂ ਸਦੀ ਦੀ ਮਹਾਂਸ਼ਕਤੀ ਬਣਨਾ ਹੈ ਤਾਂ ਸਾਨੂੰ ਏਆਈ ਕ੍ਰਾਂਤੀ ਦੀ ਅਗਵਾਈ ਕਰਨੀ ਪਵੇਗੀ।
ਰਾਜ ਸਭਾ ਵਿੱਚ ਸਿਫਰ ਕਾਲ ਦੌਰਾਨ ਰਾਘਵ ਚੱਢਾ ਨੇ ਕਿਹਾ, ‘‘ਅਮਰੀਕਾ ਕੋਲ ਚੈਟਜੀਪੀਟੀ, ਜੈਮਿਨੀ ਤੇ ਅਤੇ ਗਰੌਕ ਵਰਗੇ ਏਆਈ ਮਾਡਲ ਹਨ। ਚੀਨ ਕੋਲ ਡੀਪਸੀਕ ਅਤੇ ਬਾਇਡੂ ਹਨ। ਇਨ੍ਹਾਂ ਦੀ ਸ਼ੁਰੂਆਤ 5 ਸਾਲ ਪਹਿਲਾਂ ਹੋਈ ਸੀ। ਸਵਾਲ ਇਹ ਹੈ ਕਿ ਭਾਰਤ (ਇਸ ਮਾਮਲੇ ’ਚ) ਕਿੱਥੇ ਖੜ੍ਹਾ ਹੈ?’’ ਚੱਢਾ ਨੇ ਕਿਹਾ ਕਿ 2010 ਤੋਂ 2022 ਦਰਮਿਆਨ ਦੁਨੀਆ ਭਰ ਵਿੱਚ ਦਾਇਰ ਕੀਤੇ ਏਆਈ ਪੇਟੈਂਟਾਂ ’ਚੋਂ 60 ਫ਼ੀਸਦੀ ਅਮਰੀਕਾ ਦੇ ਤੇ 20 ਫ਼ੀਸਦੀ ਚੀਨ ਦੇ ਹਨ, ਜਦਕਿ ਭਾਰਤ ਨੇ ਸਿਰਫ 0.5 ਫ਼ੀਸਦ ਪੇਟੈਂਟ ਦਾਇਰ ਕੀਤੇ ਹਨ।
‘ਆਪ’ ਦੇ ਰਾਜ ਸਭਾ ਮੈਂਬਰ ਨੇ ਕਿਹਾ, ‘‘ਭਾਰਤ ਵਿੱਚ ਸਭ ਤੋਂ ਵੱਧ ਪ੍ਰਤਿਭਾ ਤੇ ਸਭ ਤੋਂ ਵੱਧ ਮਿਹਨਤੀ ਲੋਕ ਹਨ। ਦੁਨੀਆ ਦੀ ਏਆਈ ਵਰਕ ਫੋਰਸ ਦਾ 15 ਫ਼ੀਸਦੀ ਹਿੱਸਾ ਭਾਰਤ ਤੋਂ ਹੈ ਅਤੇ ਅਸੀਂ ਏਆਈ ਹੁਨਰ ਪ੍ਰਵੇਸ਼ ਵਿੱਚ ਤੀਜੇ ਸਥਾਨ ’ਤੇ ਹਾਂ ਪਰ ਇਸ ਦੇ ਬਾਵਜੂਦ ਭਾਰਤ ਦੇ ਏਆਈ ਮਿਸ਼ਨ ਦੀ ਕੀਮਤ ਸਿਰਫ 1 ਅਰਬ ਡਾਲਰ ਹੈ, ਜਦਕਿ ਅਮਰੀਕਾ ਦੀ 500 ਅਰਬ ਡਾਲਰ ਅਤੇ ਚੀਨ ਦੀ 137 ਅਰਬ ਡਾਲਰ ਹੈ।’’
ਰਘਵ ਚੱਢਾ ਨੇ ਫ਼ਿਕਰ ਜਤਾਇਆ ਕਿ ਹਾਲ ਹੀ ’ਚ ਚੈਟਜੀਪੀਟੀ ਦੇ ਸੰਸਥਾਪਕ ਨੇ ਕਿਹਾ ਕਿ ਉਹ ਭਾਰਤ ਦੇ ਏਆਈ ਭਵਿੱਖ ਨੂੰ ਲੈ ਕੇ ਪੂਰੀ ਤਰ੍ਹਾਂ ਨਿਰਾਸ਼ ਹਨ। ਚੱਢਾ ਨੇ ਸੰਸਦ ’ਚ ਸਵਾਲ ਪੁੱਛਿਆ, ‘‘ਕੀ ਅਸੀਂ ਉਨ੍ਹਾਂ ਨੂੰ ਸਹੀ ਸਾਬਤ ਕਰਾਂਗੇ ਜਾਂ ਗਲਤ ਸਾਬਤ ਕਰਕੇ ਭਾਰਤ ਨੂੰ ਏਆਈ ਦੀ ਦੁਨੀਆ ’ਚ ਮੋਹਰੀ ਬਣਾਵਾਂਗੇ?’’