ਪਾਕਿ ਫੌਜ ਮੁਖੀ ਦੀਆਂ ਟਿੱਪਣੀਆਂ ਬਾਰੇ ਭਾਰਤ ਦਾ ਜਵਾਬ...ਪ੍ਰਮਾਣੂ ਬਲੈਕਮੇਲ ਅੱਗੇ ਨਹੀਂ ਝੁਕਾਂਗੇ
ਭਾਰਤ ਨੇ ਪਾਕਿਸਤਾਨ ਦੇ ਫੌਜ ਮੁਖੀ ਆਸਿਮ ਮੁਨੀਰ ਦੀ ਤਾਜ਼ਾ ਧਮਕੀ ਦੇ ਹਵਾਲੇ ਨਾਲ ਕਿਹਾ ਕਿ ਉਹ ਕਿਸੇ ਵੀ 'ਪ੍ਰਮਾਣੂ ਬਲੈਕਮੇਲ' ਅੱਗੇ ਨਹੀਂ ਝੁਕੇਗਾ। ਅਮਰੀਕਾ ਦੌਰੇ ’ਤੇ ਗਏ ਪਾਕਿਸਤਾਨ ਦੇ ਫੌਜ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਨੇ ਇਸਲਾਮਾਬਾਦ ਦੀ ਪ੍ਰਮਾਣੂ ਤਾਕਤ ਦਾ ਹਵਾਲਾ ਦਿੰਦੇ ਹੋਏ ਕਿਹਾ ਸੀ ਕਿ ‘ਜੇ ਅਸੀਂ ਆਪਣੀ ’ਤੇ ਆ ਗਏ ਤਾਂ ਅੱਧੀ ਦੁਨੀਆ ਨੂੰ ਤਬਾਹ ਕਰ ਦੇਵਾਂਗੇ।’’ ਭਾਰਤ ਨੇ ਕੌਮਾਂਤਰੀ ਭਾਈਚਾਰੇ ਨੂੰ ਅਜਿਹੀਆਂ ਧਮਕੀਆਂ ਤੋਂ ਪੈਦਾ ਹੋਣ ਵਾਲੀ 'ਗੈਰ-ਜ਼ਿੰਮੇਵਾਰੀ' ਵੱਲ ਧਿਆਨ ਦੇਣ ਦਾ ਸੱਦਾ ਦਿੱਤਾ ਹੈ।
ਵਿਦੇਸ਼ ਮੰਤਰਾਲੇ (MEA) ਦੇ ਬੁਲਾਰੇ ਰਣਧੀਰ ਜੈਸਵਾਲ ਨੇ ਅਮਰੀਕਾ ਦੌਰੇ ’ਤੇ ਗਏ ਪਾਕਿ ਫੌਜ ਮੁਖੀ ਦੇ ਬਿਆਨ ਦਾ ਜਵਾਬ ਦਿੰਦੇ ਹੋਏ ਕਿਹਾ, ‘‘ਭਾਰਤ ਪਹਿਲਾਂ ਹੀ ਸਪੱਸ਼ਟ ਕਰ ਚੁੱਕਾ ਹੈ ਕਿ ਉਹ ਪ੍ਰਮਾਣੂ ਬਲੈਕਮੇਲ ਅੱਗੇ ਨਹੀਂ ਝੁਕੇਗਾ।’’ ਉਨ੍ਹਾਂ ਕਿਹਾ, ‘‘ਅਸੀਂ ਆਪਣੀ ਕੌਮੀ ਸੁਰੱਖਿਆ ਦੀ ਰੱਖਿਆ ਲਈ ਜ਼ਰੂਰੀ ਸਾਰੇ ਕਦਮ ਚੁੱਕਦੇ ਰਹਾਂਗੇ।’’
ਜੈਸਵਾਲ ਨੇ ਕਿਹਾ, ‘‘ਪ੍ਰਮਾਣੂ ਹਥਿਆਰਾਂ ਨਾਲ ਭਰੀ ਜੰਗ ਪਾਕਿਸਤਾਨ ਦਾ ਵਪਾਰ ਹੈ।’’ ਉਨ੍ਹਾਂ ਕੌਮਾਂਤਰੀ ਭਾਈਚਾਰੇ ਨੂੰ ‘ਅਜਿਹੀਆਂ ਟਿੱਪਣੀਆਂ (ਮੁਨੀਰ ਦੀਆਂ) ਵਿੱਚ ਮੌਜੂਦ ਗੈਰ-ਜ਼ਿੰਮੇਵਾਰੀ ’ਤੇ ਆਪਣੇ ਸਿੱਟੇ ਕੱਢਣ’ ਦਾ ਸੱਦਾ ਦਿੱਤਾ। ਜੈਸਵਾਲ ਨੇ ਇਹ ਵੀ ਜ਼ਿਕਰ ਕੀਤਾ ਕਿ ਪਾਕਿਸਤਾਨ ਵਿੱਚ ਪ੍ਰਮਾਣੂ ਹਥਿਆਰਾਂ ਦੇ ਅਤਿਵਾਦੀਆਂ ਦੇ ਹੱਥਾਂ ਵਿੱਚ ਜਾਣ ਬਾਰੇ ਕੀ ਡਰ ਹੈ। ਉਨ੍ਹਾਂ ਕਿਹਾ, ‘‘ਇਹ ਇੱਕ ਅਜਿਹੇ ਰਾਜ ਵਿੱਚ ਪ੍ਰਮਾਣੂ ਕਮਾਂਡ ਅਤੇ ਕੰਟਰੋਲ ਦੀ ਅਖੰਡਤਾ ਬਾਰੇ ਖ਼ਦਸ਼ਿਆਂ ਨੂੰ ਵੀ ਮਜ਼ਬੂਤ ਕਰਦਾ ਹੈ ਜਿੱਥੇ ਫੌਜ ਦਹਿਸ਼ਤੀ ਸਮੂਹਾਂ ਨਾਲ ਮਿਲੀਭੁਗਤ ਰੱਖਦੀ ਹੈ।’’ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਅਫਸੋਸਨਾਕ ਹੈ ਕਿ ਇਹ ਟਿੱਪਣੀਆਂ ਇੱਕ ਦੋਸਤਾਨਾ ਤੀਜੇ ਮੁਲਕ ਅਮਰੀਕਾ ਦੀ ਧਰਤੀ ਤੋਂ ਕੀਤੀਆਂ ਗਈਆਂ ਹਨ।