ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਰਤ ਦਾ ਰੂਸ ਤੋਂ ਤੇਲ ਖਰੀਦਣਾ ਸਵੀਕਾਰ ਨਹੀਂ: ਅਮਰੀਕਾ

ਵ੍ਹਾਈਟ ਹਾੳੂਸ ਨੇ ਤੇਲ ਦੀ ਖਰੀਦ ਨਾਲ ਰੂਸ ਨੂੰ ਯੂਕਰੇਨ ਖ਼ਿਲਾਫ਼ ਵਿੱਤੀ ਮਦਦ ਮਿਲਣ ਦਾ ਕੀਤਾ ਦਾਅਵਾ
Advertisement

ਵ੍ਹਾਈਟ ਹਾਊਸ ਵਿਚ ਡਿਪਟੀ ਚੀਫ ਆਫ ਸਟਾਫ ਸਟੀਫਨ ਮਿੱਲਰ ਨੇ ਬੀਤੇ ਦਿਨ ਕਿਹਾ ਕਿ ਭਾਰਤ, ਰੂਸ ਤੋਂ ਤੇਲ ਖਰੀਦੇ ਇਹ ਉਸ ਨੂੰ ਸਵੀਕਾਰ ਨਹੀਂ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਭਾਰਤ ਵੱਲੋਂ ਰੂਸ ਤੋਂ ਤੇਲ ਖਰੀਦੇ ਜਾਣ ਕਾਰਨ ਰੂਸ ਨੂੰ ਯੂਕਰੇਨ ਖਿਲਾਫ਼ ਜੰਗ ਵਿਚ ਵਿੱਤੀ ਮਦਦ ਮਿਲ ਰਹੀ ਹੈ। ਮਿੱਲਰ ਨੇ ਫੌਕਸ ਨਿਊਜ਼ ਨਾਲ ਇੰਟਰਵਿਊ ਵਿੱਚ ਕਿਹਾ, ‘‘ਇਹ ਸਵੀਕਾਰ ਨਹੀਂ ਕੀਤਾ ਜਾ ਸਕਦਾ ਕਿ ਭਾਰਤ, ਰੂਸ ਤੋਂ ਤੇਲ ਖਰੀਦ ਕੇ ਰੂਸ-ਯੂਕਰੇਨ ਜੰਗ ਵਿਚ ਵਿੱਤੀ ਮਦਦ ਪ੍ਰਦਾਨ ਕਰੇ। ਲੋਕ ਇਹ ਜਾਣ ਕੇ ਹੈਰਾਨ ਹੋਣਗੇ ਕਿ ਭਾਰਤ ਮੂਲ ਰੂਪ ਵਿੱਚ ਰੂਸੀ ਤੇਲ ਖਰੀਦਣ ਵਿੱਚ ਚੀਨ ਨਾਲ ਜੁੜਿਆ ਹੋਇਆ ਹੈ। ਇਹ ਇੱਕ ਹੈਰਾਨੀਜਨਕ ਤੱਥ ਹੈ।’’ ਮਿੱਲਰ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ‘ਚੰਗੇ’ ਸਬੰਧ ਹਨ ਅਤੇ ਖੇਤਰ ਲਈ ਸ਼ਾਂਤੀ ਦੇ ਬਦਲ ਵਿਚਾਰ ਅਧੀਨ ਹਨ। ਉਨ੍ਹਾਂ ਕਿਹਾ, ‘‘ਰਾਸ਼ਟਰਪਤੀ ਟਰੰਪ ਦੇ ਭਾਰਤ ਅਤੇ ਪ੍ਰਧਾਨ ਮੰਤਰੀ ਨਾਲ ਹਮੇਸ਼ਾ ਹੀ ਬਹੁਤ ਵਧੀਆ ਸਬੰਧ ਰਹੇ ਹਨ ਪਰ ਸਾਨੂੰ ਇਸ ਜੰਗ ਦੇ ਵਿੱਤ ਨਾਲ ਨਜਿੱਠਣ ਬਾਰੇ ਅਸਲੀਅਤ ਜਾਣਨੀ ਪਵੇਗੀ। ਲਿਹਾਜ਼ਾ ਰਾਸ਼ਟਰਪਤੀ ਟਰੰਪ ਲਈ, ਯੂਕਰੇਨ ਵਿੱਚ ਚੱਲ ਰਹੀ ਜੰਗ ਨਾਲ ਕੂਟਨੀਤਕ, ਵਿੱਤੀ ਅਤੇ ਹੋਰ ਤਰੀਕਿਆਂ ਨਾਲ ਨਜਿੱਠਣ ਲਈ ਸਾਰੇ ਬਦਲ ਵਿਚਾਰਧੀਨ ਹਨ।’’ ਮਿੱਲਰ ਨੇ ਦੋਸ਼ ਲਗਾਇਆ ਕਿ ਭਾਰਤ, ਅਮਰੀਕੀ ਉਤਪਾਦਾਂ ਨੂੰ ਸਵੀਕਾਰ ਨਹੀਂ ਕਰਦਾ ਕਿਉਂਕਿ ਉਹ ਉਨ੍ਹਾਂ ’ਤੇ ਭਾਰੀ ਟੈਰਿਫ ਲਗਾਉਂਦਾ ਹੈ। ਉਨ੍ਹਾਂ ਕਿਹਾ, ‘‘ਭਾਰਤ ਸਾਡੇ ਉਤਪਾਦਾਂ ਨੂੰ ਸਵੀਕਾਰ ਨਹੀਂ ਕਰਦਾ, ਉਹ ਸਾਡੇ ’ਤੇ ਭਾਰੀ ਟੈਰਿਫ ਲਗਾਉਂਦੇ ਹਨ। ਅਸੀਂ ਇਹ ਵੀ ਜਾਣਦੇ ਹਾਂ ਕਿ ਉਹ ਇਮੀਗ੍ਰੇਸ਼ਨ ਨੀਤੀਆਂ ’ਤੇ ਬਹੁਤ ਧੋਖਾਧੜੀ ਕਰਦੇ ਹਨ। ਇਹ ਅਮਰੀਕੀ ਕਾਮਿਆਂ ਲਈ ਬਹੁਤ ਨੁਕਸਾਨਦੇਹ ਹੈ।’’ ਅਮਰੀਕੀ ਸਦਰ ਡੋਨਲਡ ਟਰੰਪ ਨੇ 1 ਅਗਸਤ ਨੂੰ ਦਾਅਵਾ ਕੀਤਾ ਸੀ ਕਿ ਭਾਰਤ, ਰੂਸੀ ਤੇਲ ਖਰੀਦਣਾ ਬੰਦ ਕਰ ਸਕਦਾ ਹੈ, ਜਦਕਿ ਭਾਰਤ ਨੇ ਆਪਣੇ ਕੌਮੀ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਊਰਜਾ ਨੀਤੀ ਨੂੰ ਅਪਣਾਉਣ ਦੇ ਆਪਣੇ ਪ੍ਰਭੂਸੱਤਾ ਅਧਿਕਾਰ ਦਾ ਬਚਾਅ ਕੀਤਾ ਹੈ।

Advertisement
Advertisement