ਸਿਹਤ ਸੰਭਾਲ ’ਚ ਭਾਰਤ ਦੀ ਤਰੱਕੀ: ਨੱਢਾ
ਕੇਂਦਰੀ ਸਿਹਤ ਮੰਤਰੀ ਜੇ ਪੀ ਨੱਢਾ ਨੇ ਕਿਹਾ ਕਿ ਪਿਛਲੇ 11 ਸਾਲਾਂ ਦੌਰਾਨ ਭਾਰਤ ਵਿੱਚ ਮੈਡੀਕਲ ਕਾਲਜਾਂ ਦੀ ਗਿਣਤੀ 387 ਤੋਂ ਵਧ ਕੇ 819 ਹੋ ਗਈ ਹੈ। ਇੱਥੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਸ) ਦੀ 50ਵੀਂ ਸਾਲਾਨਾ ਕਾਨਵੋਕੇਸ਼ਨ ਦੇ ਸਮਾਗਮ ਵਿੱਚ ਸੰਬੋਧਨ ਕਰਦਿਆਂ ਸ੍ਰੀ ਨੱਢਾ ਨੇ ਕਿਹਾ ਕਿ ਦੇਸ਼ ਵਿੱਚ ਅੰਡਰ ਗ੍ਰੈਜੁਏਟ ਮੈਡੀਕਲ ਸੀਟਾਂ ਦੀ ਗਿਣਤੀ 51 ਹਜ਼ਾਰ ਤੋਂ ਵਧ ਕੇ 1.29 ਲੱਖ ਹੋ ਗਈ ਹੈ ਤੇ ਪੋਸਟ ਗ੍ਰੈਜੂਏਟ ਸੀਟਾਂ ਦੀ ਗਿਣਤੀ 31 ਹਜ਼ਾਰ ਤੋਂ ਵਧ ਕੇ 78 ਹਜ਼ਾਰ ਹੋ ਗਈ ਹੈ। ਆਉਣ ਵਾਲੇ ਪੰਜ ਸਾਲਾਂ ਦੌਰਾਨ ਅੰਡਰ ਗ੍ਰੈਜੁਏਟ ਤੇ ਪੋਸਟ ਗ੍ਰੈਜੂਏਟ ਸੀਟਾਂ ਵਿੱਚ 75 ਹਜ਼ਾਰ ਦਾ ਹੋਰ ਵਾਧਾ ਹੋਣ ਦੀ ਉਮੀਦ ਹੈ।
ਇਸ ਦੌਰਾਨ ਸਿਹਤ ਮੰਤਰੀ ਨੇ ਡਿਗਰੀ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਦੇਸ਼ ਵਿੱਚ ਡਾਕਟਰੀ ਵਿਗਿਆਨ ਨੂੰ ਹੁਲਾਰਾ ਦੇਣ ਅਤੇ ਮਰੀਜ਼ਾਂ ਦੀ ਦੇਖਭਾਲ ਕਰਨ ’ਤੇ ਏਮਸ ਦੀ ਸ਼ਲਾਘਾ ਕੀਤੀ। ਕੇਂਦਰੀ ਸਿਹਤ ਮੰਤਰੀ ਨੇ ਨੌਜਵਾਨ ਡਾਕਟਰਾਂ ਨੂੰ ਲੋਕਾਂ ਦੀ ਸੇਵਾ ਕਰਨ ਤੇ ਸਿਹਤ ਸੰਭਾਲ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਦ੍ਰਿੜਤਾ ਨਾਲ ਮਿਹਨਤ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਦੇਸ਼ ਨੇ ਸਿਹਤ ਸੰਭਾਲ ਦੇ ਖੇਤਰ ਵਿੱਚ ਕਾਫ਼ੀ ਤਰੱਕੀ ਕੀਤੀ ਹੈ। ਸੈਂਪਲ ਰਜਿਸਟਰੇਸ਼ਨ ਸਰਵੇਖਣ (ਐੱਸ ਆਰ ਐੱਸ) ਦੇ ਅੰਕੜਿਆਂ ਅਨੁਸਾਰ, ਬੱਚੇ ਨੂੰ ਜਨਮ ਦੇਣ ਵਕਤ ਮਾਵਾਂ ਦੀ ਮੌਤ ਦਰ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ ਵਿੱਚ 42 ਫ਼ੀਸਦੀ ਗਿਰਾਵਟ ਅਤੇ ਨਵਜੰਮੇ ਬੱਚਿਆਂ ਦੀ ਮੌਤ ਦਰ ਵਿੱਚ 39 ਫ਼ੀਸਦੀ ਗਿਰਾਵਟ ਦਰਜ ਕੀਤੀ ਗਈ ਹੈ। ਟੀ ਬੀ ਦੇ ਮਾਮਲਿਆਂ ’ਚ ਵੀ 17.7 ਫ਼ੀਸਦੀ ਗਿਰਾਵਟ ਆਈ ਹੈ।
