ਭਾਰਤ ਦਾ ਸਬਰ ਉਸ ਦੀ ਤਾਕਤ, ਕਮਜ਼ੋਰੀ ਨਹੀਂ: ਰਾਜਨਾਥ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੁੱਧਵਾਰ ਨੂੰ ਪਾਕਿਸਤਾਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਆਪ੍ਰੇਸ਼ਨ ਸਿੰਧੂਰ ਸਿਰਫ਼ ਰੋਕਿਆ ਹੋਇਆ ਹੈ, ਅਤੇ ਜੇਕਰ ਸਰਹੱਦ ਪਾਰੋਂ ਕੋਈ ਹੋਰ ਦਹਿਸ਼ਤੀ ਸਰਗਰਮੀ ਕੀਤੀ ਜਾਂਦੀ ਹੈ ਤਾਂ ਇਹ ਪੂਰੀ ਤਾਕਤ ਨਾਲ ਮੁੜ ਸ਼ੁਰੂ ਹੋ ਜਾਵੇਗਾ। ਸਿੰਘ ਨੇ ਕਿਹਾ, ‘‘ਆਪ੍ਰੇਸ਼ਨ ਸਿੰਧੂਰ, 2016 ਸਰਜੀਕਲ ਸਟ੍ਰਾਈਕ ਅਤੇ 2019 ਬਾਲਾਕੋਟ ਏਅਰ ਸਟ੍ਰਾਈਕ ਇਸ ਗੱਲ ਦਾ ਸਬੂਤ ਹਨ ਕਿ ਭਾਰਤ ਦਾ ਸਬਰ ਉਸ ਦੀ ਤਾਕਤ ਹੈ, ਕਮਜ਼ੋਰੀ ਨਹੀਂ, ਅਤੇ ਜਦੋਂ ਗੱਲਬਾਤ ਕੋਈ ਹੱਲ ਨਹੀਂ ਕੱਢਦੀ ਤਾਂ ਅਸੀਂ ਸਖ਼ਤ ਨਾਲ ਮੂੰਹ ਤੋੜਵਾਂ ਜਵਾਬ ਦੇਣ ਦਾ ਰਾਹ ਚੁਣਦੇ ਹਾਂ।’’
ਰੱਖਿਆ ਮੰਤਰੀ ਰਾਜਨਾਥ ਸਿੰਘ ਹੈਦਰਾਬਾਦ ਵਿਚ ‘ਹੈਦਰਾਬਾਦ ਮੁਕਤੀ ਦਿਵਸ’ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਭਾਰਤ ਗੱਲਬਾਤ ਵਿੱਚ ਵਿਸ਼ਵਾਸ ਰੱਖਦਾ ਹੈ, ਪਰ ਇਹ ਵੀ ਜਾਣਦਾ ਹੈ ਕਿ ਉਨ੍ਹਾਂ ਲੋਕਾਂ ਨੂੰ ਢੁਕਵਾਂ ਜਵਾਬ ਕਿਵੇਂ ਦੇਣਾ ਹੈ ਜੋ ਸ਼ਾਂਤੀ ਅਤੇ ਸਦਭਾਵਨਾ ਦੀ ਭਾਸ਼ਾ ਨੂੰ ਸਮਝਣ ਵਿੱਚ ਅਸਫਲ ਰਹਿੰਦੇ ਹਨ। ਰੱਖਿਆ ਮੰਤਰੀ ਨੇ ਦੋਵਾਂ ਗੁਆਂਢੀਆਂ ਦਰਮਿਆਨ ਫ਼ਰਕ ਦੱਸਦੇ ਹੋਏ ਕਿਹਾ ਕਿ ਅਤਿਵਾਦੀਆਂ ਨੇ ਅਪਰੈਲ ਵਿੱਚ ਪਹਿਲਗਾਮ ’ਚ ਧਰਮ ਦੇ ਆਧਾਰ ’ਤੇ ਮਾਸੂਮ ਲੋਕਾਂ ਨੂੰ ਮਾਰਿਆ ਸੀ, ਭਾਰਤੀ ਹਥਿਆਰਬੰਦ ਬਲਾਂ ਨੇ ਆਪ੍ਰੇਸ਼ਨ ਸਿੰਧੂਰ ਦੌਰਾਨ ਉਨ੍ਹਾਂ ਦੇ ਕਰਮਾਂ ਦੇ ਆਧਾਰ ’ਤੇ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿੱਚ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ ਤੇ ਉਨ੍ਹਾਂ ਦੇ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ।
ਮਈ ਵਿੱਚ ਭਾਰਤ-ਪਾਕਿ ਫੌਜੀ ਟਕਰਾਅ ਵਿੱਚ ਦਖਲ ਦੇਣ ਦੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਦਾਅਵਿਆਂ ’ਤੇ ਨਿਸ਼ਾਨਾ ਸੇਧਦੇ ਹੋਏ ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ ਨੇ ਆਪ੍ਰੇਸ਼ਨ ਸਿੰਧੂਰ ਦੌਰਾਨ ਜੰਗਬੰਦੀ ਬਾਰੇ ਤੀਜੀ ਧਿਰ ਦੇ ਦਖਲ ਨੂੰ ਇਹ ਕਹਿੰਦੇ ਹੋਏ ਰੱਦ ਕਰ ਦਿੱਤਾ ਕਿ ਕੋਈ ਵੀ ਤੀਜੀ ਧਿਰ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਨਹੀਂ ਦੇ ਸਕਦੀ।
ਰਾਜਨਾਥ ਸਿੰਘ ਨੇ ਹੈਦਰਾਬਾਦ ਦੀ ਆਜ਼ਾਦੀ ਲਈ ‘ਆਪ੍ਰੇਸ਼ਨ ਪੋਲੋ’ ਵਿੱਚ ਹਿੱਸਾ ਲੈਣ ਵਾਲਿਆਂ ਦੀ ਹਿੰਮਤ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਸਿਰਫ਼ ਇੱਕ ਫੌਜੀ ਕਾਰਵਾਈ ਨਹੀਂ ਸੀ; ਇਹ ਸਰਦਾਰ ਪਟੇਲ ਦਾ ਫੈਸਲਾਕੁੰਨ ਝਟਕਾ ਸੀ ਜਿਸ ਨੇ ਰਜ਼ਾਕਾਰਾਂ ਦੀ ਸਾਜ਼ਿਸ਼ ਨੂੰ ਚਕਨਾਚੂਰ ਕਰ ਦਿੱਤਾ ਅਤੇ ਹੈਦਰਾਬਾਦ ਨੂੰ ਭਾਰਤ ਵਾਪਸ ਲਿਆਂਦਾ।
ਉਨ੍ਹਾਂ ‘ਆਪ੍ਰੇਸ਼ਨ ਪੋਲੋ’ ਦੀ ਸਫਲਤਾ ਅਤੇ ਹੈਦਰਾਬਾਦ ਦੇ ਭਾਰਤ ਵਿੱਚ ਰਲੇਵੇਂ ਨੂੰ ਇੱਕ ਸ਼ਾਨਦਾਰ ਅਧਿਆਇ ਦੱਸਿਆ, ਜਿਸ ਨੇ ਦੁਨੀਆ ਨੂੰ ਦਿਖਾਇਆ ਕਿ ਭਾਰਤ ਹਮੇਸ਼ਾ ਆਪਣੀ ਏਕਤਾ ਦੀ ਰੱਖਿਆ ਕਰਨ ਵਿੱਚ ਸਮਰੱਥ ਅਤੇ ਸ਼ਕਤੀਸ਼ਾਲੀ ਰਿਹਾ ਹੈ।