ਭਾਰਤ ਦੀਆਂ ਅੰਦਰੂਨੀ ਸੁਰੱਖਿਆ ਚੁਣੌਤੀਆਂ ਬਦਲਦੀਆਂ ਰਹਿਣਗੀਆਂ: ਸ਼ਾਹ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਰਤ ਦੇ ਭੂਗੋਲਿਕ ਅਤੇ ਰਾਜਨੀਤਿਕ ਆਂਢ-ਗੁਆਂਢ ਕਰਕੇ ਦੇਸ਼ ਦੀਆਂ ਅੰਦਰੂਨੀ ਸੁਰੱਖਿਆ ਚੁਣੌਤੀਆਂ ਬਦਲਦੀਆਂ ਰਹਿਣਗੀਆਂ। 8ਵੇਂ ਕੌਮੀ ਸੁਰੱਖਿਆ ਰਣਨੀਤੀ ਸੰਮੇਲਨ (ਐੱਨਐੱਸਐੱਸਸੀ) ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਜ਼ਬੂਤ ਰਾਜਨੀਤਕ ਇੱਛਾ ਸ਼ਕਤੀ ਦਾ ਪ੍ਰਦਰਸ਼ਨ ਕਰਦਿਆਂ ਨਾ ਸਿਰਫ ਅਤਿਵਾਦ ਖ਼ਿਲਾਫ਼ ਜ਼ੀਰੋ-ਟਾਲਰੈਂਸ ਨੀਤੀ ਦੀ ਪੁਸ਼ਟੀ ਕੀਤੀ ਹੈ, ਸਗੋਂ ਇਸ ਨੂੰ ਅਪਰੇਸ਼ਨ ਸਿੰਧੂਰ ਰਾਹੀਂ ਦੁਨੀਆ ਸਾਹਮਣੇ ਸ਼ਾਨਦਾਰ ਤਰੀਕੇ ਨਾਲ ਪੇਸ਼ ਵੀ ਕੀਤਾ ਹੈ।
ਅਧਿਕਾਰਤ ਬਿਆਨ ਅਨੁਸਾਰ ਸ਼ਾਹ ਨੇ ਭਾਰਤ ਦੇ ਭੂ-ਰਾਜਨੀਤਿਕ ਆਂਢ-ਗੁਆਂਢ ਦੇ ਮੱਦੇਨਜ਼ਰ ਅੰਦਰੂਨੀ ਸੁਰੱਖਿਆ ਚੁਣੌਤੀਆਂ ਨੂੰ ਗਤੀਸ਼ੀਲ ਦੱਸਦਿਆਂ ਰਾਜ ਪੁਲੀਸ ਬਲਾਂ ਅਤੇ ਕੇਂਦਰੀ ਸੁਰੱਖਿਆ ਏਜੰਸੀਆਂ ਨੂੰ ‘ਸੁਰੱਖਿਆ, ਚੌਕਸੀ ਅਤੇ ਤਾਲਮੇਲ’ ਦੇ ਮੋਟੋ ਨੂੰ ਅਪਣਾਉਣ ਦੀ ਅਪੀਲ ਕੀਤੀ। ਸ਼ਾਹ ਨੇ ਕਿਹਾ, ‘ਭਾਰਤ ਸਭ ਤੋਂ ਤੇਜ਼ੀ ਨਾਲ ਵਧ ਰਹੇ ਅਰਥਚਾਰਿਆਂ ’ਚੋਂ ਇੱਕ ਹੈ ਅਤੇ ਇਸ ਨਾਲ ਦੇਸ਼ ਸਾਹਮਣੇ ਚੁਣੌਤੀਆਂ ਵੀ ਵਧ ਰਹੀਆਂ ਹਨ। ਸਾਨੂੰ ਵਧੇਰੇ ਚੌਕਸ ਰਹਿਣਾ ਪਵੇਗਾ ਅਤੇ ਪੂਰੀ ਜਾਗਰੂਕਤਾ ਨਾਲ ਸਮੱਸਿਆਵਾਂ ਨਾਲ ਨਜਿੱਠਣਾ ਪਵੇਗਾ।’ ਉਨ੍ਹਾਂ ਨੇ ਐੱਨਐੱਸਐੱਸਸੀ ਨੂੰ ਸੀਨੀਅਰ ਅਧਿਕਾਰੀਆਂ ਨੂੰ ਨੌਜਵਾਨ ਅਧਿਕਾਰੀਆਂ ਦਾ ਮਾਰਗਦਰਸ਼ਨ ਕਰਨ, ਉਨ੍ਹਾਂ ਨੂੰ ਚੁਣੌਤੀਆਂ ਤੋਂ ਜਾਣੂ ਕਰਵਾਉਣ ਅਤੇ ਇਨ੍ਹਾਂ ਨਾਲ ਨਜਿੱਠਣ ਦੇ ਯੋਗ ਬਣਾਉਣ ਲਈ ਅਹਿਮ ਦੱਸਿਆ। ਗ੍ਰਹਿ ਮੰਤਰੀ ਨੇ ਕਿਹਾ ਕਿ ਸਾਰੀਆਂ ਰਾਜ ਬਲਾਂ ਅਤੇ ਕੇਂਦਰੀ ਜਾਂਚ ਏਜੰਸੀਆਂ ਨੂੰ ਦੁਨੀਆ ਵਿੱਚ ਸਰਬੋਤਮ ਬਣਨ ਦੇ ਟੀਚੇ ਨਾਲ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਸਾਹਮਣੇ ਚੁਣੌਤੀਆਂ ਨਾਲ ਨਜਿੱਠਣ ਲਈ ਅਸਲ-ਸਮੇਂ ਦੀ ਜਾਣਕਾਰੀ ਸਾਂਝੀ ਕਰਨ ਵਾਸਤੇ ਭਰੋਸੇਯੋਗ ਈਕੋਸਿਸਟਮ ਸਥਾਪਤ ਕੀਤਾ ਜਾਣਾ ਚਾਹੀਦਾ ਹੈ।