‘ਐਜੂਕੇਟ ਗਰਲਜ’ ਨੂੰ ਮੈਗਸੇਸੇ ਪੁਰਸਕਾਰ; ਵੱਕਾਰੀ ਸਨਮਾਨ ਹਾਸਲ ਕਰਨ ਵਾਲੀ ਭਾਰਤ ਦੀ ਪਹਿਲੀ NGO ਬਣੀ
ਮੁੰਬਈ ਸਥਿਤ ‘ਐਜੂਕੇਟ ਗਰਲਜ’ ਸੰਸਥਾ 2025 ਦੇ ਰੈਮਨ ਮੈਗਸੇਸੇ ਪੁਰਸਕਾਰ ਜਿੱਤਣ ਵਾਲੀ ਪਹਿਲੀ ਭਾਰਤੀ ਗੈਰ-ਮੁਨਾਫ਼ਾ ਸੰਸਥਾ (NGO) ਬਣੀ। ਸਫੀਨਾ ਹੁਸੈਨ, ਜਿਸਨੇ 2007 ਵਿੱਚ ਗਰੀਬੀ ਅਤੇ ਅਨਪੜ੍ਹਤਾ ਦੇ ਚੱਕਰ ਨੂੰ ਤੋੜਨ ਲਈ ਲਈ ਐਨਜੀਓ ਐਜੂਕੇਟ ਗਰਲਜ਼ ਦੀ ਸਥਾਪਨਾ ਕੀਤੀ ਸੀ।
ਸਫੀਨਾ ਨੇ ਕਿਹਾ ਕਿ ਏਸ਼ੀਆ ਦਾ ਪ੍ਰਮੁੱਖ ਸਨਮਾਨ ਦਰਸਾਉਂਦਾ ਹੈ, “ ਜਦੋਂ ਭਾਈਚਾਰੇ, ਸਿਵਲ ਸਮਾਜ ਅਤੇ ਸਰਕਾਰਾਂ ਮਿਲ ਕੇ ਕੰਮ ਕਰਦੀਆਂ ਹਨ ਤਾਂ ਲੋਕ ਜ਼ਮੀਨੀ ਪੱਧਰ ਦੀਆਂ ਸਮੱਸਿਆਵਾਂ ਨੂੰ ਹੱਲ ਕਰ ਸਕਦੇ ਹਨ। ਮੈਗਸੇਸੇ ਪੁਰਸਕਾਰ ਪ੍ਰਾਪਤ ਕਰਨ ਵਾਲਾ ਪਹਿਲਾ ਭਾਰਤੀ ਸੰਗਠਨ ਹੋਣਾ ਇੱਕ ਇਤਿਹਾਸਕ ਪ੍ਰਾਪਤੀ ਹੈ।”
ਉਸਨੇ ਕਿਹਾ, “ ਸਾਡੇ ਲਈ, ਇਹ ਪੁਰਸਕਾਰ ਉਨ੍ਹਾਂ ਹਜ਼ਾਰਾਂ ਕੁੜੀਆਂ ਦਾ ਹੈ ਜਿਨ੍ਹਾਂ ਨੇ ਆਪਣੇ ਸੁਪਨਿਆਂ ਨੂੰ ਛੱਡਣ ਤੋਂ ਇਨਕਾਰ ਕਰ ਦਿੱਤਾ, ਹਰ ਉਸ ਪਰਿਵਾਰ ਦਾ ਜਿਸਨੇ ਧੀ ਨੂੰ ਸਕੂਲ ਵਿੱਚ ਰੱਖਣਾ ਚੁਣਿਆ, ਹਰ ਵਲੰਟੀਅਰ ਜਿਸਨੇ ਦਰਵਾਜ਼ਾ ਖੜਕਾਇਆ, ਹਰ ਸੂਬਾ ਸਰਕਾਰ ਜਿਸਨੇ ਸਾਡੇ ਨਾਲ ਭਾਈਵਾਲੀ ਕੀਤੀ, ਹਰ ਦਾਨੀ ਜਿਸਨੇ ਸਾਡੇ ਵਿੱਚ ਵਿਸ਼ਵਾਸ ਕੀਤਾ। ਇਹ ਦੁਨੀਆ ਨੂੰ ਦੱਸਦਾ ਹੈ ਕਿ ਕੁੜੀਆਂ ਦੀ ਸਿੱਖਿਆ ਕੋਈ ਸਥਾਨਕ ਮੁੱਦਾ ਨਹੀਂ ਹੈ, ਇਹ ਇੱਕ ਵਿਸ਼ਵਵਿਆਪੀ ਤਰਜੀਹ ਹੈ।”
67ਵੇਂ ਰੈਮਨ ਮੈਗਸੇਸੇ ਪੁਰਸਕਾਰ 7 ਨਵੰਬਰ ਨੂੰ ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਵਿੱਚ ਪੇਸ਼ ਕੀਤੇ ਜਾਣਗੇ, ਜਦੋਂ ਐਜੂਕੇਟ ਗਰਲਜ਼ ਨੂੰ ਲੜਕੀਆਂ ਅਤੇ ਨੌਜਵਾਨ ਔਰਤਾਂ ਦੀ ਸਿੱਖਿਆ ਰਾਹੀਂ ਸੱਭਿਆਚਾਰਕ ਰੂੜੀਵਾਦੀ ਸੋਚ ਨੂੰ ਦੂਰ ਕਰਨ, ਉਨ੍ਹਾਂ ਨੂੰ ਅਨਪੜ੍ਹਤਾ ਦੇ ਬੰਧਨ ਤੋਂ ਮੁਕਤ ਕਰਨ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਪੂਰੀ ਮਨੁੱਖੀ ਸਮਰੱਥਾ ਪ੍ਰਾਪਤ ਕਰਨ ਲਈ ਹੁਨਰ, ਹਿੰਮਤ ਅਤੇ ਏਜੰਸੀ ਨਾਲ ਭਰਨ ਦੀ ਵਚਨਬੱਧਤਾ ਲਈ ਪ੍ਰਸ਼ੰਸਾ ਪ੍ਰਾਪਤ ਹੋਵੇਗੀ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਫਿਲਮ ਨਿਰਮਾਤਾ ਸੱਤਿਆਜੀਤ ਰੇਅ ਅਤੇ ਨੋਬਲ ਪੁਰਸਕਾਰ ਜੇਤੂ ਦਲਾਈ ਲਾਮਾ ਅਤੇ ਮਦਰ ਟੈਰੇਸਾ ਅਤੇ ਪੱਤਰਕਾਰ ਰਵੀਸ਼ ਕੁਮਾਰ ਵਰਗੀਆਂ ਮਸ਼ਹੂਰ ਹਸਤੀਆਂ ਵੀ ਇਹ ਐਵਾਰਡ ਹਾਸਲ ਕਰ ਚੁੱਕੀਆਂ ਹਨ।
