ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਭਾਰਤ ਦੀ ਰੱਖਿਆ ਬਰਾਮਦ ਦਹਾਕੇ ’ਚ 21,000 ਕਰੋੜ ਤੋਂ ਟੱਪੀ: ਰਾਜਨਾਥ

ਅਗਲੇ ਦਹਾਕੇ ਤੱਕ 50 ਹਜ਼ਾਰ ਕਰੋੜ ਰੁਪਏ ਦਾ ਟੀਚਾ ਮਿਥਿਆ
ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਮਹੂ ਵਿੱਚ ਆਰਮੀ ਵਾਰ ਕਾਲਜ ਦੇ ਦੌਰੇ ਮੌਕੇ ਫੌਜੀ ਅਧਿਕਾਰੀਆਂ ਨੂੰ ਮਿਲਦੇ ਹੋਏ। -ਫੋਟੋ: ਪੀਟੀਆਈ
Advertisement

* ਫੌਜਾਂ ਨੂੰ ਭਵਿੱਖੀ ਚੁਣੌਤੀਆਂ ਲਈ ਤਿਆਰ ਕਰਨ ਵਾਲੇ ਸਿਖਲਾਈ ਕੇਂਦਰਾਂ ਦੀ ਪ੍ਰਸ਼ੰਸਾ

ਮਹੂ (ਮੱਧ ਪ੍ਰਦੇਸ਼), 30 ਦਸੰਬਰ

Advertisement

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਭਾਰਤ ਦੇ ਰੱਖਿਆ ਸਾਜ਼ੋ-ਸਾਮਾਨ ਦੀ ਬਰਾਮਦ ਇੱਕ ਦਹਾਕੇ ਵਿੱਚ ਰਿਕਾਰਡ 21,000 ਕਰੋੜ ਰੁਪਏ ਨੂੰ ਪਾਰ ਕਰ ਗਈ ਹੈ। ਇਹ ਇੱਕ ਦਹਾਕਾ ਪਹਿਲਾਂ 2000 ਕਰੋੜ ਰੁਪਏ ਸੀ। ਉਹ ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ ਵਿੱਚ ਦੋ ਸਦੀਆਂ ਤੋਂ ਵੱਧ ਪੁਰਾਣੀ ਮਹੂ ਛਾਉਣੀ ’ਚ ਆਰਮੀ ਵਾਰ ਕਾਲਜ ਵਿਖੇ ਫੌਜੀ ਅਧਿਕਾਰੀਆਂ ਨੂੰ ਸੰਬੋਧਨ ਕਰ ਰਹੇ ਸਨ। ਰਾਜਨਾਥ ਨੇ ਕਿਹਾ ਕਿ ਸਾਲ 2029 ਤੱਕ ਰੱਖਿਆ ਬਰਾਮਦ ਨੂੰ 50,000 ਕਰੋੜ ਰੁਪਏ ਤੱਕ ਲਿਜਾਣ ਦਾ ਟੀਚਾ ਮਿਥਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਲਗਾਤਾਰ ਬਦਲਦੇ ਸਮੇਂ ਵਿੱਚ ਸਰਹੱਦੀ ਟੈਕਨਾਲੋਜੀ ਵਿੱਚ ਨਿਪੁੰਨਤਾ ਹਾਸਲ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਫੌਜੀ ਸਿਖਲਾਈ ਕੇਂਦਰ ਭਵਿੱਖ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਫੌਜੀਆਂ ਨੂੰ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਅ ਰਹੇ ਹਨ।

ਰੱਖਿਆ ਮੰਤਰੀ ਨੇ ਕਿਹਾ, ‘‘ਸਾਡੀ ਰੱਖਿਆ ਬਰਾਮਦ, ਜੋ ਇੱਕ ਦਹਾਕੇ ਪਹਿਲਾਂ ਲਗਪਗ 2000 ਹਜ਼ਾਰ ਕਰੋੜ ਰੁਪਏ ਸੀ, ਅੱਜ ਰਿਕਾਰਡ 21,000 ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਗਈ ਹੈ। ਅਸੀਂ ਸਾਲ 2029 ਤੱਕ 50,000 ਕਰੋੜ ਰੁਪਏ ਦੀ ਬਰਾਮਦ ਦਾ ਟੀਚਾ ਮਿਥਿਆ ਹੈ।’’ ਉਨ੍ਹਾਂ ਕਿਹਾ ‘ਮੇਕ ਇਨ ਇੰਡੀਆ’ ਸਾਜ਼ੋ-ਸਾਮਾਨ ਦੂਸਰੇ ਦੇਸ਼ਾਂ ਨੂੰ ਬਰਾਮਦ ਕੀਤਾ ਜਾ ਰਿਹਾ ਹੈ।

ਰਾਜਨਾਥ ਨੇ ਆਪਣੇ ਸੰਬੋਧਨ ਵਿੱਚ ਯੁੱਧ ਦੀਆਂ ਬੁਨਿਆਦੀ ਤਬਦੀਲੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੂਚਨਾ ਯੁੱਧ, ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਅਧਾਰਿਤ ਯੁੱਧ, ਪ੍ਰੌਕਸੀ ਯੁੱਧ, ਇਲੈਕਟ੍ਰੋਮੈਗਨੈਟਿਕ ਯੁੱਧ, ਪੁਲਾੜ ਯੁੱਧ ਅਤੇ ਸਾਈਬਰ-ਹਮਲੇ ਜਿਹੇ ਗ਼ੈਰ-ਰਵਾਇਤੀ ਤਰੀਕੇ ਵੱਡੀ ਚੁਣੌਤੀ ਪੇਸ਼ ਕਰ ਰਹੇ ਹਨ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਅਜਿਹੇ ਹਮਲਿਆਂ ਦੇ ਟਾਕਰੇ ਲਈ ਫੌਜ ਨੂੰ ਚੰਗੀ ਤਰ੍ਹਾਂ ਸਿਖਲਾਈ ਪ੍ਰਾਪਤ ਕਰਨ ਦੀ ਲੋੜ ਹੈ। ਉਨ੍ਹਾਂ ਮਹੂ ਸਥਿਤ ਸਿਖਲਾਈ ਕੇਂਦਰਾਂ ਦੇ ਵਡਮੁੱਲੇ ਯੋਗਦਾਨ ਲਈ ਸ਼ਲਾਘਾ ਕੀਤੀ।

ਰੱਖਿਆ ਮੰਤਰੀ ਨੇ ਬਦਲਦੇ ਸਮੇਂ ਅਨੁਸਾਰ ਆਪਣੇ ਸਿਖਲਾਈ ਪਾਠਕ੍ਰਮ ਵਿੱਚ ਲਗਾਤਾਰ ਸੁਧਾਰ ਅਤੇ ਜਵਾਨਾਂ ਨੂੰ ਹਰ ਤਰ੍ਹਾਂ ਦੀ ਚੁਣੌਤੀ ਵਾਸਤੇ ਤਿਆਰ ਕਰਨ ਲਈ ਸਿਖਲਾਈ ਕੇਂਦਰਾਂ ਦੀ ਪ੍ਰਸ਼ੰਸਾ ਕੀਤੀ।

ਇਸ ਦੌਰਾਨ ਰਾਜਨਾਥ ਸਿੰਘ ਤੇ ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਆਰਮੀ ਵਾਰ ਕਾਲਜ (ਏਡਬਲਿਊਸੀ) ਦਾ ਦੌਰਾ ਕੀਤਾ। ਇੱਕ ਅਧਿਕਾਰਤ ਬਿਆਨ ਮੁਤਾਬਕ, ਕਮਾਂਡੈਂਟ ਲੈਫਟੀਨੈਂਟ ਜਨਰਲ ਐੱਚਐੱਸ ਸਾਹੀ ਨੇ ਰੱਖਿਆ ਮੰਤਰੀ ਅਤੇ ਫੌਜ ਮੁਖੀ ਨੂੰ ਯੁੱਧ ਲਈ ਫੌਜੀ ਜਵਾਨਾਂ ਨੂੰ ਤਿਆਰ ਕਰਨ ਤੇ ਨਿਪੁੰਨ ਬਣਾਉਣ ਵਿੱਚ ਮਹੂ ਸਥਿਤ ਇਸ ਸੰਸਥਾ ਦੀ ਭੂਮਿਕਾ ਤੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਗਈ। -ਪੀਟੀਆਈ

Advertisement