Trump ਦੀ ਧਮਕੀ ’ਤੇ ਬੋਲੇ ਭਾਰਤੀ ਮੂਲ ਦੇ Zohran Mamdani ‘‘ਡਰਨ ਵਾਲਾ ਨਹੀਂ ਹਾਂ’’
ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 2 ਜੁਲਾਈ
ਭਾਰਤੀ ਮੂਲ ਦੇ ਨਿਊਯਾਰਕ ਸਿਟੀ ਦੇ ਡੈਮੋਕ੍ਰੇਟਿਕ ਮੇਅਰ ਪ੍ਰਾਇਮਰੀ ਵਿਚ ਜਿੱਤ ਹਾਸਲ ਕਰ ਚੁੱਕੇ ਜ਼ੋਹਰਾਨ ਮਮਦਾਨੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਗ੍ਰਿਫਤਾਰੀ ਅਤੇ ਨਾਗਰਿਕਤਾ ਖੋਹਣ ਦੀ ਧਮਕੀ ’ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਮਮਦਾਨੀ ਨੇ ਕਿਹਾ ਕਿ ਉਹ ਇਸ ਤਰ੍ਹਾਂ ਦੀਆਂ ਧਮਕੀਆਂ ਤੋਂ ਡਰਨ ਵਾਲਾ ਨਹੀਂ ਹੈ ਅਤੇ ਟਰੰਪ ਦਾ ਇਹ ਰਵੱਈਆ ਲੋਕਤੰਤਰ ’ਤੇ ਸਿੱਧਾ ਹਮਲਾ ਹੈ।
ਡੋਨਲਡ ਟਰੰਪ ਨੇ ਹਾਲ ਹੀ ਵਿੱਚ ਇੱਕ ਇਮੀਗ੍ਰੇਸ਼ਨ ਈਵੈਂਟ ਦੌਰਾਨ ਮਮਦਾਨੀ ਨੂੰ "ਕਮਿਊਨਿਸਟ" ਅਤੇ "ਪਾਗਲ" ਦੱਸਿਆ ਸੀ ਅਤੇ ਦਾਅਵਾ ਕੀਤਾ ਕਿ ਉਹ ਸੰਭਵ ਤੌਰ ’ਤੇ ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ ’ਤੇ ਰਹਿ ਰਹੇ ਹਨ। ਟਰੰਪ ਨੇ ਧਮਕੀ ਦਿੱਤੀ ਕਿ ਜੇਕਰ ਮਮਦਾਨੀ ਨੇ ਯੂ.ਐੱਸ. ਇਮੀਗ੍ਰੇਸ਼ਨ ਏਜੰਸੀ (ICE) ਦੇ ਕੰਮ ਵਿੱਚ ਰੁਕਾਵਟ ਪਾਈ ਤਾਂ ਉਸ ਨੂੰ ਗ੍ਰਿਫਤਾਰ ਕਰਕੇ ਡਿਟੈਂਸ਼ਨ ਕੈਂਪ ਵਿੱਚ ਭੇਜ ਦਿੱਤਾ ਜਾਵੇਗਾ ਅਤੇ ਨਾਗਰਿਕਤਾ ਰੱਦ ਕਰ ਦਿੱਤੀ ਜਾਵੇਗੀ।
ਮਮਦਾਨੀ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ
ਜ਼ੋਹਰਾਨ ਮਮਦਾਨੀ ਨੇ ਟਰੰਪ ਦੀਆਂ ਟਿੱਪਣੀਆਂ ’ਤੇ ਤਿੱਖੀ ਪ੍ਰਤੀਕਿਰਿਆ ਕਰਦੇ ਹੋਏ ਕਿਹਾ, ‘‘ਸੰਯੁਕਤ ਰਾਜ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਨੇ ਮੈਨੂੰ ਗ੍ਰਿਫਤਾਰ ਕਰਵਾਉਣ, ਮੇਰੀ ਨਾਗਰਿਕਤਾ ਖੋਹਣ ਅਤੇ ਡਿਟੈਂਸ਼ਨ ਕੈਂਪ ਵਿੱਚ ਪਾਉਣ ਦੀ ਧਮਕੀ ਦਿੱਤੀ ਹੈ, ਉਹ ਵੀ ਉਦੋਂ ਜਦੋਂ ਮੈਂ ਕੋਈ ਕਾਨੂੰਨ ਨਹੀਂ ਤੋੜਿਆ। ਇਹ ਸਿਰਫ਼ ਇਸ ਲਈ ਹੋ ਰਿਹਾ ਹੈ ਕਿਉਂਕਿ ਮੈਂ ICE ਨੂੰ ਸਾਡੇ ਸ਼ਹਿਰ ਵਿੱਚ ਅਤਿਵਾਦ ਫੈਲਾਉਣ ਤੋਂ ਰੋਕਾਂਗਾ।’’ ਉਨ੍ਹਾਂ ਅੱਗੇ ਕਿਹਾ ‘‘ਇਹ ਨਾ ਸਿਰਫ਼ ਲੋਕਤੰਤਰ 'ਤੇ ਹਮਲਾ ਹੈ, ਬਲਕਿ ਹਰ ਉਸ ਨਿਊਯਾਰਕ ਵਾਸੀ ਨੂੰ ਡਰਾਉਣ ਦੀ ਕੋਸ਼ਿਸ਼ ਹੈ ਜੋ ਅਨਿਆਂ ਵਿਰੁੱਧ ਬੋਲਦਾ ਹੈ। ਪਰ ਅਸੀਂ ਡਰਾਂਗੇ ਨਹੀਂ, ਅਸੀਂ ਲੜਾਂਗੇ।’’
ਐਰਿਕ ਐਡਮਜ਼ ’ਤੇ ਵੀ ਨਿਸ਼ਾਨਾ
ਮਮਦਾਨੀ ਨੇ ਨਿਊਯਾਰਕ ਦੇ ਮੌਜੂਦਾ ਮੇਅਰ ਐਰਿਕ ਐਡਮਜ਼ ’ਤੇ ਵੀ ਨਿਸ਼ਾਨਾ ਸੇਧਿਆ, ਜਿਨ੍ਹਾਂ ਦੀ ਟਰੰਪ ਨੇ ਹਾਲ ਹੀ ਵਿੱਚ ਪ੍ਰਸ਼ੰਸਾ ਕੀਤੀ ਸੀ। ਮਮਦਾਨੀ ਨੇ ਕਿਹਾ ਕਿ ‘‘ਟਰੰਪ ਵੱਲੋਂ ਐਰਿਕ ਐਡਮਜ਼ ਦੀ ਤਾਰੀਫ਼ ਕਰਨਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ, ਪਰ ਇਸ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਇਸ ਮੇਅਰ ਦਾ ਕਾਰਜਕਾਲ ਹੁਣ ਖਤਮ ਹੋਣਾ ਚਾਹੀਦਾ ਹੈ। ਅਜਿਹੇ ਸਮੇਂ ਵਿੱਚ ਜਦੋਂ MAGA ਰਿਪਬਲਿਕਨ ਲੋਕ ਸਮਾਜਿਕ ਸੁਰੱਖਿਆ ਯੋਜਨਾਵਾਂ ਖਤਮ ਕਰਨਾ ਚਾਹੁੰਦੇ ਹਨ ਅਤੇ ਗਰੀਬਾਂ ਤੋਂ ਖੋਹ ਕੇ ਅਰਬਪਤੀਆਂ ਨੂੰ ਦੇਣਾ ਚਾਹੁੰਦੇ ਹਨ, ਐਰਿਕ ਐਡਮਜ਼ ਦਾ ਟਰੰਪ ਦੀ ਭਾਸ਼ਾ ਬੋਲਣਾ ਸ਼ਰਮਨਾਕ ਹੈ।’’
ਚੋਣਾਂ ਵਿੱਚ ਮਮਦਾਨੀ ਸਭ ਤੋਂ ਅੱਗੇ
ਨਵੰਬਰ ਵਿੱਚ ਹੋਣ ਵਾਲੀਆਂ ਨਿਊਯਾਰਕ ਸਿਟੀ ਮੇਅਰ ਚੋਣਾਂ ਵਿੱਚ ਜ਼ੋਹਰਾਨ ਮਮਦਾਨੀ ਜਨਮਤ ਸਰਵੇਖਣਾਂ ਵਿੱਚ ਫਿਲਹਾਲ ਸਭ ਤੋਂ ਅੱਗੇ ਚੱਲ ਰਹੇ ਹਨ। ਉਹ ਮੌਜੂਦਾ ਮੇਅਰ ਐਰਿਕ ਐਡਮਜ਼ ਅਤੇ ਰਿਪਬਲਿਕਨ ਪ੍ਰਤਿਆਸ਼ੀ ਕਰਟਿਸ ਸਲਿਵਾ ਤੋਂ ਅੱਗੇ ਹਨ। ਉਨ੍ਹਾਂ ਕਿਹਾ, ‘‘ਅਸੀਂ ਸਾਬਿਤ ਕਰ ਦਿੱਤਾ ਹੈ ਕਿ ਜਦੋਂ ਲੋਕਾਂ ਨੂੰ ਕੁਝ ਠੋਸ ਵਿਕਲਪ ਮਿਲਦਾ ਹੈ, ਤਾਂ ਉਹ ਵਾਪਸ ਆਉਂਦੇ ਹਨ।’’
ਕੌਣ ਹੈ ਜ਼ੋਹਰਾਨ ਮਮਦਾਨੀ?
ਜ਼ੋਹਰਾਨ ਮਮਦਾਨੀ ਭਾਰਤੀ ਮੂਲ ਦੇ ਅਮਰੀਕੀ ਨੇਤਾ ਹਨ, ਜੋ ਨਿਊਯਾਰਕ ਸਿਟੀ ਵਿੱਚ ਡੈਮੋਕ੍ਰੇਟਿਕ ਸੋਸ਼ਲਿਸਟ ਪਾਰਟੀ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ 7 ਸਾਲ ਪਹਿਲਾਂ ਅਮਰੀਕੀ ਨਾਗਰਿਕਤਾ ਪ੍ਰਾਪਤ ਕੀਤੀ ਸੀ ਅਤੇ ਵਰਤਮਾਨ ਵਿੱਚ ਸਮਾਜਿਕ ਨਿਆਂ, ਪ੍ਰਵਾਸੀ ਅਧਿਕਾਰਾਂ ਅਤੇ ਆਰਥਿਕ ਸਮਾਨਤਾ ਦੇ ਮੁੱਦਿਆਂ ਨੂੰ ਲੈਕੇ ਚਰਚਾ ਵਿਚ ਹੈ।