ਭਾਰਤੀ ਅਰਥਚਾਰਾ 6.5 ਫ਼ੀਸਦ ਦਰ ਨਾਲ ਵਧੇਗਾ: ਏ ਡੀ ਬੀ
ਅਮਰੀਕੀ ਟੈਰਿਫ ਦਾ ਦਰਾਮਦ ’ਤੇ ਅਸਰ ਪੈਣ ਦਾ ਅਨੁਮਾਨ
Advertisement
ਏਸ਼ਿਆਈ ਵਿਕਾਸ ਬੈਂਕ (ਏ ਡੀ ਬੀ) ਨੇ ਅੱਜ ਕਿਹਾ ਕਿ ਪਹਿਲੀ ਤਿਮਾਹੀ ਵਿੱਚ 7.8 ਫ਼ੀਸਦ ਦੀ ਮਜ਼ਬੂਤ ਵਿਕਾਸ ਦਰ ਦੇ ਬਾਵਜੂਦ ਭਾਰਤੀ ਅਰਥਚਾਰਾ ਮੌਜੂਦਾ ਵਿੱਤੀ ਸਾਲ ਵਿੱਚ 6.5 ਫ਼ੀਸਦ ਦੀ ਦਰ ਨਾਲ ਵਧਣ ਦਾ ਅਨੁਮਾਨ ਹੈ। ਏਡੀਬੀ ਨੇ ਕਿਹਾ ਕਿ ਭਾਰਤੀ ਬਰਾਮਦ ’ਤੇ ਅਮਰੀਕੀ ਟੈਰਿਫ ਦਾ ਅਸਰ ਅਰਥਚਾਰੇ ਦੇ ਵਿਕਾਸ ਅਨੁਮਾਨ, ਖਾਸ ਕਰ ਸਾਲ ਦੀ ਦੂਜੀ ਛਿਮਾਹੀ ਉੱਤੇ ਦੇਖਣ ਨੂੰ ਮਿਲੇਗਾ।ਜ਼ਿਕਰਯੋਗ ਹੈ ਕਿ ਅਪਰੈਲ ਵਿੱਚ ਜਾਰੀ ਏਡੀਬੀ ਦੇ ‘ਏਸ਼ੀਅਨ ਡਿਵੈਲਪਮੈਂਟ ਆਊਟਲੁੱਕ (ਏ ਡੀ ਓ)’ ਵਿੱਚ ਸੱਤ ਫ਼ੀਸਦ ਦੀ ਉੱਚ ਵਿਕਾਸ ਦਰ ਦਾ ਅਨੁਮਾਨ ਲਗਾਇਆ ਗਿਆ ਸੀ। ਇਸ ਨੂੰ ਭਾਰਤ ਤੋਂ ਭੇਜੀਆਂ ਜਾਣ ਵਾਲੀਆਂ ਵਸਤਾਂ ’ਤੇ ਅਮਰੀਕਾ ਵੱਲੋਂ 50 ਫੀਸਦ ਟੈਰਿਫ ਲਾਏ ਜਾਣ ਦੇ ਫਿਕਰ ਦੌਰਾਨ ਜੁਲਾਈ ਦੀ ਰਿਪੋਰਟ ਵਿੱਚ ਘਟਾ ਕੇ 6.5 ਫ਼ੀਸਦ ਕਰ ਦਿੱਤਾ ਗਿਆ ਸੀ।
ਏ ਡੀ ਓ ਨੇ ਸਤੰਬਰ 2025 ਵਿੱਚ ਕਿਹਾ ਕਿ ਵਿੱਤੀ ਸਾਲ 2025-26 ਦੀ ਪਹਿਲੀ ਤਿਮਾਹੀ (ਅਪਰੈਲ-ਜੂਨ) ਵਿੱਚ ਬਿਹਤਰ ਖਪਤ ਸੁਧਾਰ ਅਤੇ ਸਰਕਾਰੀ ਖਰਚਿਆਂ ਕਾਰਨ ਕੁੱਲ ਘਰੇਲੂ ਉਤਪਾਦ (ਜੀਡੀਪੀ) 7.8 ਫ਼ੀਸਦ ਦੀ ਦਰ ਨਾਲ ਮਜ਼ਬੂਤ ਹੋਈ ਹੈ। ਹਾਲਾਂਕਿ, ਭਾਰਤੀ ਬਰਾਮਦ ’ਤੇ ਵੱਧ ਅਮਰੀਕੀ ਟੈਰਿਫ ਕਾਰਨ ਵਿਕਾਸ ਦਰ ਵਿੱਚ ਕਮੀ ਆਵੇਗੀ, ਖਾਸ ਕਰ ਕੇ ਵਿੱਤੀ ਸਾਲ 2025-26 ਦੀ ਦੂਜੀ ਛਿਮਾਹੀ ਅਤੇ ਵਿੱਤੀ ਸਾਲ 2026-27 ਵਿੱਚ। ਹਾਲਾਂਕਿ ਮਜ਼ਬੂਤ ਘਰੇਲੂ ਮੰਗ ਬਰਾਮਦ ਦੇ ਪ੍ਰਭਾਵ ਨੂੰ ਘੱਟ ਕਰ ਦੇਵੇਗੀ।
Advertisement
ਰਿਪੋਰਟ ਅਨੁਸਾਰ, ਅਮਰੀਕੀ ਟੈਰਿਫ ਲਾਗੂ ਹੋਣ ਕਾਰਨ ਦਰਾਮਦ ਵਿੱਚ ਕਮੀ ਦਾ ਅਸਰ ਵਿੱਤੀ ਸਾਲਾਂ 2025-26 ਅਤੇ 2026-27 ਦੋਵਾਂ ਦੌਰਾਨ ਭਾਰਤ ਦੀ ਜੀਡੀਪੀ ’ਤੇ ਪਵੇਗਾ। ਇਸ ਤਰ੍ਹਾਂ ਸ਼ੁੱਧ ਬਰਾਮਦ ਅਪਰੈਲ ਵਿੱਚ ਪਹਿਲਾਂ ਦੇ ਅਨੁਮਾਨ ਤੋਂ ਵੱਧ ਤੇਜ਼ੀ ਨਾਲ ਘਟੇਗੀ।
Advertisement