ਭਾਰਤ ਅਤੇ ਚੀਨ ਦੀਆਂ ਫੌਜਾਂ ਵੱਲੋਂ ਪੂਰਬੀ ਲੱਦਾਖ ਦੀ ਸਥਿਤੀ ’ਤੇ ਗੱਲਬਾਤ
ਭਾਰਤੀ ਅਤੇ ਚੀਨੀ ਫੌਜਾਂ ਨੇ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (LAC) ਦੇ ਨਾਲ-ਨਾਲ ਸ਼ਾਂਤੀ ਅਤੇ ਸੁਰੱਖਿਆ ਬਣਾਈ ਰੱਖਣ ’ਤੇ ਧਿਆਨ ਕੇਂਦ੍ਰਿਤ ਕਰਦਿਆਂ ਉੱਚ-ਪੱਧਰੀ ਫੌਜੀ ਗੱਲਬਾਤ ਦਾ ਇੱਕ ਹੋਰ ਦੌਰ ਆਯੋਜਿਤ ਕੀਤਾ।
ਚੀਨੀ ਰੱਖਿਆ ਮੰਤਰਾਲੇ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕੋਰ ਕਮਾਂਡਰ-ਪੱਧਰ ਦੀ ਗੱਲਬਾਤ ਦਾ 23ਵਾਂ ਦੌਰ 25 ਅਕਤੂਬਰ ਨੂੰ ਸਰਹੱਦ ਦੇ ਭਾਰਤੀ ਪਾਸੇ ਮੋਲਡੋ-ਚੁਸ਼ੂਲ ਸਰਹੱਦੀ ਮੀਟਿੰਗ ਪੁਆਇੰਟ ’ਤੇ ਹੋਇਆ।
ਇੱਕ ਰੀਡਆਊਟ ਵਿੱਚ ਕਿਹਾ ਗਿਆ ਹੈ, ‘‘ਦੋਵਾਂ ਧਿਰਾਂ ਨੇ ਭਾਰਤ-ਚੀਨ ਸਰਹੱਦ ਦੇ ਪੱਛਮੀ ਹਿੱਸੇ ਦੇ ਪ੍ਰਬੰਧਨ ਬਾਰੇ ਸਰਗਰਮ ਅਤੇ ਡੂੰਘਾਈ ਨਾਲ ਗੱਲਬਾਤ ਕੀਤਾ।’’ ਮੀਟਿੰਗ ਬਾਰੇ ਭਾਰਤੀ ਅਧਿਕਾਰੀਆਂ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।
ਚੀਨੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਦੋਵਾਂ ਧਿਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵੱਲੋਂ ਲਏ ਗਏ ਫੈਸਲੇ ਅਨੁਸਾਰ ਸੰਚਾਰ ਅਤੇ ਗੱਲਬਾਤ ਬਣਾਈ ਰੱਖਣ ਦਾ ਫੈਸਲਾ ਕੀਤਾ।
ਉਨ੍ਹਾਂ ਕਿਹਾ, ‘‘ਉਨ੍ਹਾਂ ਨੇ ਦੋਵਾਂ ਦੇਸ਼ਾਂ ਦੇ ਆਗੂਆਂ ਵੱਲੋਂ ਬਣੀ ਮਹੱਤਵਪੂਰਨ ਸਹਿਮਤੀ ਦੀ ਅਗਵਾਈ ਹੇਠ ਫੌਜੀ ਅਤੇ ਕੂਟਨੀਤਕ ਚੈਨਲਾਂ ਰਾਹੀਂ ਸੰਚਾਰ ਅਤੇ ਗੱਲਬਾਤ ਜਾਰੀ ਰੱਖਣ, ਸਾਂਝੇ ਤੌਰ 'ਤੇ ਭਾਰਤ-ਚੀਨ ਸਰਹੱਦੀ ਖੇਤਰਾਂ ਵਿੱਚ ਸ਼ਾਂਤੀ ਅਤੇ ਅਮਨ ਦੀ ਰਾਖੀ ਕਰਨ 'ਤੇ ਸਹਿਮਤੀ ਪ੍ਰਗਟਾਈ।’’
