ਕੌਮੀ ਹਿੱਤਾਂ ਨਾਲ ਸਮਝੌਤਾ ਨਹੀਂ ਕਰੇਗਾ ਭਾਰਤ: ਚੌਹਾਨ
ਕੁੱਝ ਦੇਸ਼ਾਂ ਵੱਲੋਂ ਵਪਾਰ ਤੇ ਟੈਰਿਫ ਨੂੰ ਹਥਿਆਰ ਵਜੋਂ ਵਰਤਣ ਦਾ ਦਿੱਤਾ ਹਵਾਲਾ; ਆਲਮੀ ਬਾਜ਼ਾਰਾਂ ’ਤੇ ਨਿਰਭਰਤਾ ਛੱਡ ਕੇ ਖੁਰਾਕ ਸੁਰੱਖਿਆ ’ਚ ਆਤਮ-ਨਿਰਭਰ ਬਣਨ ’ਤੇ ਜ਼ੋਰ
Advertisement
ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਕਿਹਾ ਕਿ ਭਾਰਤ ਅਸਥਿਰ ਭੂ-ਰਾਜਨੀਤਿਕ ਸਥਿਤੀ ਦੌਰਾਨ ਆਪਣੇ ਰਾਸ਼ਟਰੀ ਹਿੱਤਾਂ ਨਾਲ ਸਮਝੌਤਾ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਅੱਜ-ਕੱਲ੍ਹ ਕੁੱਝ ਦੇਸ਼ਾਂ ਲਈ ਵਪਾਰ ਅਤੇ ਟੈਰਿਫ਼ ਹਥਿਆਰ ਬਣ ਗਏ ਹਨ। ਚੌਹਾਨ ਅਨੁਸਾਰ ਦੇਸ਼ ਨੂੰ ਆਲਮੀ ਬਾਜ਼ਾਰਾਂ ’ਤੇ ਨਿਰਭਰ ਹੋਏ ਬਿਨਾਂ ਆਪਣੀ ਖੁਰਾਕ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ।ਪੀ ਐੱਚ ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੀ 120ਵੀਂ ਸਾਲਾਨਾ ਜਨਰਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਚੌਹਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਭਾਵੇਂ ਭਾਰਤ ‘ਆਲਮੀ ਭਰਾ’ ਬਣਨ ਵਿੱਚ ਵਿਸ਼ਵਾਸ ਰੱਖਦਾ ਹੈ ਅਤੇ ਦੁਨੀਆ ਬਾਰੇ ਚਿੰਤਤ ਹੈ, ਪਰ ਦੇਸ਼ ਦੇ ਹਿੱਤ ਸਭ ਤੋਂ ਪਹਿਲਾਂ ਹਨ। ਉਨ੍ਹਾਂ ਕਿਹਾ, ‘ਅਜਿਹੀ ਸਥਿਤੀ ਵਿੱਚ, ਜਿੱਥੇ ਦੇਸ਼ ਇੱਕ-ਦੂਜੇ ਨਾਲ ਲੜ ਰਹੇ ਹਨ, ਜਿੱਥੇ ਵਪਾਰ ਅਤੇ ਟੈਰਿਫ਼ ਨੂੰ ਹਥਿਆਰਾਂ ਵਜੋਂ ਵਰਤਿਆ ਜਾਂਦਾ ਹੈ... ਭਾਰਤ ਨੂੰ ਆਪਣਾ ਰਾਹ ਚੁਣਨਾ ਪਵੇਗਾ। ਅਸੀਂ ਕਿਸੇ ਦੇ ਦਬਾਅ ਹੇਠ ਨਹੀਂ ਆਵਾਂਗੇ। ਸਾਡੇ ਦੇਸ਼ ਦੇ ਹਿੱਤਾਂ ਦੀ ਰਾਖੀ ਕਰਨਾ ਸਾਡਾ ਫਰਜ਼ ਹੈ ਅਤੇ ਇਹ ਆਲਮੀ ਸ਼ਾਂਤੀ ਲਈ ਜ਼ਰੂਰੀ ਹੈ।’
ਮੰਤਰੀ ਨੇ ਇਸ ਗੱਲ ’ਤੇ ਚਾਨਣਾ ਪਾਇਆ ਕਿ ਭਾਰਤ ਦੀ 46 ਫੀਸਦੀ ਆਬਾਦੀ ਸਿੱਧੇ ਤੌਰ ’ਤੇ ਆਪਣੀ ਰੋਜ਼ੀ-ਰੋਟੀ ਲਈ ਖੇਤੀਬਾੜੀ ’ਤੇ ਨਿਰਭਰ ਹੈ, ਜਿਸ ਕਰਕੇ ਇਸ ਖੇਤਰ ਨੂੰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ, ‘ਮੌਜੂਦਾ ਸਥਿਤੀ ਵਿੱਚ ਭੋਜਨ ਲਈ ਵਿਸ਼ਵ ਬਾਜ਼ਾਰ ’ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਇਸ ਲਈ ਸਾਨੂੰ ਆਤਮ-ਨਿਰਭਰ ਬਣਨਾ ਪਵੇਗਾ।’
Advertisement
ਉਨ੍ਹਾਂ ਕਿਹਾ ਕਿ ਸਰਕਾਰ ਛੇ ਮੁੱਖ ਖੇਤਰਾਂ ਵਿੱਚ ਕੰਮ ਕਰ ਰਹੀ ਹੈ, ਜਿਸ ਵਿੱਚ ਉਤਪਾਦਕਤਾ ਵਧਾਉਣ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ, ‘ਚੌਲਾਂ ਅਤੇ ਕਣਕ ਵਿੱਚ ਅਸੀਂ ਆਲਮੀ ਪੱਧਰ ’ਤੇ ਔਸਤ ’ਤੇ ਹਾਂ, ਪਰ ਦਾਲਾਂ ਅਤੇ ਤੇਲ ਬੀਜਾਂ ਵਿੱਚ ਅਸੀਂ ਪਿੱਛੇ ਹਾਂ। ਸਾਨੂੰ ਦਾਲਾਂ ਅਤੇ ਖਾਣ ਵਾਲੇ ਤੇਲਾਂ ਵਿੱਚ ਆਤਮ-ਨਿਰਭਰ ਬਣਨਾ ਚਾਹੀਦਾ ਹੈ।’
Advertisement