ਭਾਰਤ ਅਮਰੀਕੀ ਮੱਕੀ ਦਾ ਛੋਟਾ ਜਿਹਾ ਹਿੱਸਾ ਵੀ ਨਹੀਂ ਖਰੀਦੇਗਾ: ਲੁਟਨਿਕ
ਅਮਰੀਕਾ ਦੇ ਵਣਜ ਸਕੱਤਰ ਹਾਵਰਡ ਲੁਟਨਿਕ ਨੇ ਕਿਹਾ ਹੈ ਕਿ ਭਾਰਤ 1.4 ਅਰਬ ਲੋਕਾਂ ਦੀ ਗੱਲ ਕਰ ਕੇ ਸ਼ੇਖੀ ਮਾਰਦਾ ਹੈ, ਪਰ ਉਹ ਅਮਰੀਕੀ ਮੱਕੀ ਦਾ ਛੋਟਾ ਜਿਹਾ ਹਿੱਸਾ ਵੀ ਨਹੀਂ ਖਰੀਦੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨਵੀਂ ਦਿੱਲੀ ਨੂੰ ਆਪਣੇ ਟੈਰਿਫ ਘਟਾਉਣੇ ਚਾਹੀਦੇ ਹਨ, ਨਹੀਂ ਤਾਂ ਅਮਰੀਕਾ ਨਾਲ ਵਪਾਰ ਕਰਨਾ ਉਨ੍ਹਾਂ ਲਈ ਮੁਸ਼ਕਿਲ ਹੋ ਜਾਵੇਗਾ। ਲੁਟਨਿਕ ਨੇ ਇਹ ਟਿੱਪਣੀਆਂ ਸ਼ਨਿਚਰਵਾਰ ਨੂੰ ਇੱਕ ਇੰਟਰਵਿਊ ਦੌਰਾਨ ਕੀਤੀਆਂ। ਲੁਟਨਿਕ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਅਮਰੀਕਾ, ਭਾਰਤ, ਕੈਨੇਡਾ ਅਤੇ ਬ੍ਰਾਜ਼ੀਲ ਵਰਗੇ ਮਹੱਤਵਪੂਰਨ ਸਹਿਯੋਗੀਆਂ ਨਾਲ ਆਪਣੇ ਬਹੁਤ ਕੀਮਤੀ ਰਿਸ਼ਤਿਆਂ ਨੂੰ ਟੈਰਿਫ ਲਗਾ ਕੇ ਗਲਤ ਢੰਗ ਨਾਲ ਚਲਾ ਰਿਹਾ ਹੈ, ਤਾਂ ਇਸ ’ਤੇ ਲੁਟਨਿਕ ਨੇ ਕਿਹਾ, ‘‘ਰਿਸ਼ਤਾ ਇੱਕਪਾਸੜ ਹੈ, ਉਹ ਸਾਨੂੰ ਸਾਮਾਨ ਵੇਚਦੇ ਹਨ ਅਤੇ ਸਾਡਾ ਫਾਇਦਾ ਉਠਾਉਂਦੇ ਹਨ। ਹਾਲਾਂਕਿ, ਉਹ ਸਾਨੂੰ ਆਪਣੇ ਅਰਥਚਾਰੇ ਵਿੱਚ ਆਉਣ ਤੋਂ ਰੋਕਦੇ ਹਨ। ਅਸੀਂ ਉਨ੍ਹਾਂ ਲਈ ਸਾਰੇ ਰਾਹ ਪੂਰੀ ਤਰ੍ਹਾਂ ਖੋਲ੍ਹੇ ਹੋਏ ਹਨ ਕਿ ਉਹ ਆਉਣ ਅਤੇ ਫਾਇਦਾ ਉਠਾਉਣ।’’ ਉਨ੍ਹਾਂ ਅੱਗੇ ਕਿਹਾ, ‘‘ਰਾਸ਼ਟਰਪਤੀ ਕਹਿੰਦੇ ਹਨ ਕਿ ਵਪਾਰ ਨਿਰਪੱਖ ਅਤੇ ਦੋਵੇਂ ਪਾਸਿਓਂ ਹੋਣਾ ਚਾਹੀਦਾ ਹੈ।’’